ਪੱਤਰ ਪ੍ਰੇਰਕ
ਭੁੱਚੋ ਮੰਡੀ, 12 ਮਈ
ਇੱਥੇ ਬੈਂਕ ਵਿੱਚ ਅਧਿਕਾਰੀਆਂ ਵੱਲੋਂ ਬਿਨਾਂ ਦੱਸੇ ਕੈਂਸਰ ਪੀੜਤ ਸੇਵਾਮੁਕਤ ਮੁਲਾਜ਼ਮ ਦੇ ਪੈਨਸ਼ਨ ਵਾਲੇ ਖਾਤੇ ਵਿੱਚੋਂ ਰੁਪਏ ਲਿਮਟ ਵਾਲੇ ਖਾਤੇ ਵਿੱਚ ਟਰਾਂਸਫਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਖਾਤਾਧਾਰਕ ਨੇ ਨਿਆਂ ਲਈ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਪੰਚਾਇਤੀ ਵਿਭਾਗ ’ਚ ਬੀਡੀਪੀਓ ਦੇ ਅਹੁਦੇ ਤੋਂ ਸੇਵਾਮੁਕਤ ਜਗਰੂਪ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਪੈਨਸ਼ਨ ਜਮ੍ਹਾਂ ਕਰਵਾਉਣ ਲਈ ਪੰਜਾਬ ਐਂਡ ਸਿੰਧ ਬੈਂਕ ’ਚ ਖਾਤਾ ਖੁੱਲ੍ਹਵਾਇਆ ਹੈ। ਇਸੇ ਬੈਂਕ ਵਿੱਚ ਉਸਦੀ ਖੇਤੀ ਲਈ ਲਿਮਟ ਵੀ ਚੱਲਦੀ ਹੈ। ਉਨ੍ਹਾਂ ਦੱਸਿਆ ਕਿ ਬੈਂਕ ਮੈਨੇਜਰ ਨੇ 2 ਫਰਵਰੀ 2022 ਨੂੰ ਉਸ ਦੀ ਪੈਨਸ਼ਨ ਰਾਸ਼ੀ ’ਚੋਂ 25 ਹਜ਼ਾਰ ਰੁਪਏ ਕੱਟ ਲਏ ਤੇ ਇਤਰਾਜ ਕਰਨ ’ਤੇ ਮੈਨੇਜਰ ਨੇ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਆਪਣੇ ਵਕੀਲ ਰਾਹੀਂ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਇਸ ਤੋਂ ਬਾਅਦ ਮੈਨੇਜਰ ਨੇ ਅਪਰੈਲ ਮਹੀਨੇ ਦੀ ਪੈਨਸ਼ਨ ਤੇ ਗ੍ਰੈਜੂਅਟੀ ਦੀ ਕੁੱਲ ਰਕਮ 111686 ਵਿੱਚੋਂ 28380 ਰੁਪਏ ਕੱਟ ਲਏ। ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਬਿਮਾਰੀ ਕੈਂਸਰ ਤੇ ਸ਼ੂਗਰ ਆਦਿ ਦੇ ਇਲਾਜ ਤੇ ਘਰੇਲੂ ਕੰਮਾਂ ਲਈ 3 ਮਈ ਨੂੰ 59500 ਰੁਪਏ ਕਢਵਾਉਣ ਲਈ ਚੈੱਕ ਲਾਇਆ ਤਾਂ ਮੈਨੇਜਰ ਨੇ ਇਹ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਤੇ 7 ਮਈ ਨੂੰ 44000 ਰੁਪਏ ਫਿਰ ਉਸ ਦੇ ਖਾਤੇ ਵਿੱਚੋਂ ਕੱਟ ਲਏ। 9 ਮਈ ਨੂੰ ਦੁਬਾਰਾ ਕਾਨੂੰਨੀ ਨੋਟਿਸ ਭੇਜਿਆ ਗਿਆ। ਪੈਸੇ ਨਾ ਮਿਲਣ ਕਾਰਨ ਉਸਦੇ ਇਲਾਜ ਵਿੱਚ ਦਵਾਈ ਦਾ ਨਾਗਾ ਪੈ ਗਿਆ ਹੈ।
ਇਸ ਸਬੰਧੀ ਲੋਨ ਵਿੰਗ ਦੇ ਕਵਰਜੀਤ ਸਿੰਘ ਨੇ ਕਿਹਾ ਕਿ ਮੈਨੇਜਰ ਛੁੱਟੀ ’ਤੇ ਹੈ। ਉਨ੍ਹਾਂ ਦੱਸਿਆ ਕਿ ਜਗਰੂਪ ਸਿੰਘ ਲਿਮਟ ਦੇ ਪੈਸਿਆਂ ਦਾ ਵਿਆਜ ਨਹੀਂ ਭਰ ਰਿਹਾ, ਜਿਸ ਕਾਰਨ ਉਸ ਦੇ ਖਾਤੇ ਵਿੱਚੋਂ ਕੁਝ ਰਾਸ਼ੀ ਟਰਾਂਸਫਰ ਕੀਤੀ ਜਾਂਦੀ ਹੈ।