ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 31 ਜੁਲਾਈ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਨੇ ਬਠਿੰਡਾ-ਅੰਬਾਲਾ ਰੇਲਵੇ ਮਾਰਗ ਅਤੇ ਰਾਮਪੁਰਾ ਫੂਲ ਦੇ ਗਿੱਲ ਕਲਾਂ ਫਾਟਕ ਕੋਲ ਮੋਰਚਾ ਲਗਾ ਕੇ ਰੇਲਾਂ ਦਾ ਚੱਕਾ ਜਾਮ ਕੀਤਾ। ਇਸ ਦੌਰਾਨ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਆਖਿਆ ਕਿ ਦਿੱਲੀ ਮੋਰਚੇ ਦੌਰਾਨ ਕਿਸਾਨੀ ਅੰਦੋਲਨ ਦੀਆਂ ਜਿਹੜੀਆਂ ਮੰਗਾਂ ਨੂੰ ਕੇਂਦਰ ਦੀ ਮੋਦੀ ਹਕੂਮਤ ਨੇ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਉਹ ਹਾਲੇ ਵੀ ਉਸੇ ਤਰ੍ਹਾਂ ਲਟਕ ਰਹੀਆਂ ਹਨ, ਜਿਨ੍ਹਾਂ ਵਿੱਚ ਐੱਮਐੱਸਪੀ ਗਾਰੰਟੀ ਕਾਨੂੰਨ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਦਿੱਲੀ ਮੋਰਚੇ ਦੌਰਾਨ ਕਿਸਾਨਾਂ ਉਪਰ ਦਰਜ ਕੀਤੇ ਗਏ ਕੇਸਾਂ ਨੂੰ ਰੱਦ ਕਰਵਾਉਣ ਆਦਿ ਸ਼ਾਮਲ ਹਨ। ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਹੁਣ ਦੇਸ਼ ਭਰ ‘ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਜੋ ਸੁੱਤੀ ਹੋਈ ਕੇਂਦਰ ਸਰਕਾਰ ਨੂੰ ਜਗਾਇਆ ਜਾ ਸਕੇ।
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਅੰਦੋਲਨ ਦੌਰਾਨ ਕੀਤੇ ਵਾਅਦਿਆਂ ਤੋਂ ਮੁਕਰਨ ਦੇ ਰੋਸ ਵਜੋਂ ਅੱਜ ਇਥੇ ਰੇਲਵੇ ਸਟੇਸ਼ਨ ’ਤੇ ਧਰਨਾ ਦੇ ਕੇ ਚਾਰ ਘੰਟੇ ਰੇਲ ਆਵਾਜਾਈ ਠੱਪ ਕੀਤੀ। ਇਸ ਦੌਰਾਨ ਕਿਸਾਨ ਆਗੂਆਂ ਹਰੀਸ਼ ਨੱਢਾ ਲਾਧੂਕਾ, ਕਾਮਰੇਡ ਸੁਰਿੰਦਰ ਢੰਡੀਆਂ ਤੇ ਰੇਸ਼ਮ ਮਿੱਢਾ ਨੇ ਸੰਬੋਧਨ ਕਰਦਿਆਂ ਕੇਂਦਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਏ।
ਜੈਤੋ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਰੇਲਵੇ ਸਟੇਸ਼ਨ ਜੈਤੋ ਦੀਆਂ ਰੇਲ ਪਟੜੀਆਂ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਪਿੰਡ ਗੁਰੂ ਕੀ ਢਾਬ ਵਿੱਚ ਧਰਨਾ ਦੇ ਕੇ ਬਠਿੰਡਾ-ਅੰਮ੍ਰਿਤਸਰ ਸੜਕ ’ਤੇ ਚਾਰ ਘੰਟੇ ਲਈ ਆਵਾਜਾਈ ਠੱਪ ਕੀਤੀ। ਰੇਲ ਪਟੜੀ ਵਾਲੇ ਧਰਨੇ ਨੂੰ ਭਾਕਿਯੂ (ਕ੍ਰਾਂਤੀਕਾਰੀ) ਦੇ ਆਗੂਆਂ ਸਰਮੁਖ ਸਿੰਘ ਅਜਿਤਗਿੱਲ, ਲਾਲ ਸਿੰਘ ਗੋਲੇਵਾਲਾ, ਨੈਬ ਸਿੰਘ ਭਗਤੂਆਣਾ, ਸਿਕੰਦਰ ਦਬੜ੍ਹੀਖਾਨਾ, ਦਰਸ਼ਨ ਸਿੰਘ, ਨਿਰਮਲ ਬਰਗਾੜੀ, ਜਸਕਰਨ ਸਿੰਘ ਅਤੇ ਹਰਜੀਤ ਸਿੰਘ ਜੈਤੋ ਨੇ ਸੰਬੋਧਨ ਕੀਤਾ। ਸੜਕੀ ਧਰਨੇ ਨੂੰ ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ, ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਮੱਤਾ, ਜਸਪ੍ਰੀਤ ਸਿੰਘ ਜੈਤੋ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਰਮਜੀਤ ਸੇਵੇਵਾਲਾ ਨੇ ਸੰਬੋਧਨ ਕੀਤਾ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਵੱਲੋਂ ਮੋਗਾ ਨੇੜੇ ਡਗਰੂ ਰੇਲ ਦੀ ਪਟੜੀ ‘ਤੇ ਰੋਸ ਧਰਨਾ ਦਿੱਤਾ ਗਿਆ, ਜਿਸ ਨੂੰ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ ਤੇ ਜ਼ਿਲ੍ਹਾ ਸਕੱਤਰ ਪਰਮਿੰਦਰ ਬਰਾੜ ਆਦਿ ਨੇ ਸੰਬੋਧਨ ਕੀਤਾ।