ਨਿੱਜੀ ਪੱਤਰ ਪੇ੍ਰਕ
ਫ਼ਰੀਦਕੋਟ, 23 ਨਵੰਬਰ
ਫ਼ਰੀਦਕੋਟ-ਚਹਿਲ ਰੋਡ ‘ਤੇ ਜੌੜੀਆਂ ਨਹਿਰਾਂ ਉੱਪਰ 14 ਕਰੋੜ ਦੀ ਲਾਗਤ ਨਾਲ ਬਣਾਏ ਗਏ ਸਟੀਲ ਦੇ ਪੁਲ ਨੂੰ ਅੱਜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਮਾਰਕਫੈੱਡ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਇਸ ਪੁਲ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਪੁਲ ਬਣਨ ਨਾਲ ਜਿੱਥੇ ਸ਼ਹਿਰ ਦੀ ਸੁੰਦਰਤਾ ਵਧੀ ਹੈ, ਉੱਥੇ ਹੀ ਸ਼ਹਿਰ ਦੇ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਇਹ ਪੁਲ ਅਕਤੂਬਰ 2019 ਵਿੱਚ ਤਿਆਰ ਹੋਣਾ ਸੀ ਪਰੰਤੂ ਕਰੋਨਾ ਅਤੇ ਕਿਸਾਨੀ ਅੰਦੋਲਨ ਕਰਕੇ ਇਸ ਦਾ ਨਿਰਮਾਣ ਦੋ ਸਾਲ ਪੱਛੜ ਗਿਆ। ਭਾਰਤ ਸਰਕਾਰ ਅਤੇ ਕੇਂਦਰ ਸਰਕਾਰ ਨੇ ਸਾਂਝੇ ਤੌਰ ’ਤੇ ਇਸ ਪੁਲ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਹਨ। ਨਵੇਂ ਬਣੇ ਸਟੀਲ ਦੇ ਪੁਲ ਦੀ ਲੰਬਾਈ 79 ਮੀਟਰ ਹੈ ਅਤੇ ਕੱਲਕੱਤੇ ਦੀਆਂ ਕੰਪਨੀਆਂ ਦੇ ਸਹਿਯੋਗ ਨਾਲ ਇਹ ਪੁਲ ਤਿਆਰ ਕੀਤਾ ਗਿਆ ਹੈ, ਜੋ ਫਰੀਦਕੋਟ ਜ਼ਿਲ੍ਹੇ 40 ਪਿੰਡਾਂ ਨੂੰ ਸਿੱਧੇ ਤੌਰ ‘ਤੇ ਫ਼ਰੀਦਕੋਟ ਸ਼ਹਿਰ ਨਾਲ ਜੋੜੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ, ਮੋਗਾ, ਲੁਧਿਆਣਾ ਜਾਣ ਵਾਲੇ ਰਾਹਗੀਰਾਂ ਨੂੰ ਵੀ ਇਸ ਪੁਲ ਦੀ ਸਹੂਲਤ ਮਿਲੀ ਹੈ। ਅੱਜ ਪੁਲ ਦੇ ਉਦਘਾਟਨ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ, ਗਿੰਦਰਜੀਤ ਸਿੰਘ ਸੇਖੋਂ ਅਤੇ ਹੋਰ ਹਾਜ਼ਰ ਸਨ।
ਦੋ ਕਰੋੜ ਰੁਪਏ ਦੀ ਲਾਗਤ ਨਾਲ ਫਰੀਦਕੋਟ ਵਿਖੇ ਬਣੇਗੀ ਹੈਰੀਟੇਜ ਸਟਰੀਟ਼
ਫਰੀਦਕੋਟ ਦੇ ਟਿੱਲਾ ਬਾਬਾ ਫਰੀਦ ਨਾਲ ਲੱਗਦੀ ਗਲੀ ਨੂੰ ਹੈਰੀਟੇਜ ਸਟਰੀਟ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਉੱਪਰ ਕਰੀਬ ਦੋ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਆਉਣ ਦਾ ਅਨੁਮਾਨ ਹੈ। ਇਹ ਜਾਣਕਾਰੀ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਦਿੱਤੀ।