
ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ 18 ਮਾਰਚ
ਸ਼ਹਿਰ ਅੰਦਰ ਆਵਾਜਾਈ ਸਮੱਸਿਆ ਨੂੰ ਕਾਬੂ ਕਰਨ ਲਈ ਪੁਲੀਸ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਸਾਂਝੇ ਰੂਪ ਵਿੱਚ ਐਕਸ਼ਨ ਪ੍ਰੋਗਰਾਮਾਂ ਅਧੀਨ ਆਰਜ਼ੀ ਨਾਜਾਇਜ਼ ਕਬਜੇ ਹਟਾਏਗੀ। ਇਸ ਸੰਬੰਧੀ ਸ਼ਹਿਰ ਦੀਆਂ ਵੱਖ ਵੱਖ ਵਪਾਰਿਕ ਸੰਗਠਨਾਂ, ਸਮਾਜਸੇਵੀਆਂ ਅਤੇ ਸਮੂਹ ਕੌਂਸਲਰਾਂ ਦੀ ਹਾਜ਼ਰੀ ਵਿੱਚ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਦੀ ਅਗਵਾਈ ਹੇਠ ਜਿੱਥੇ ਲੋਕਾਂ ਤੋਂ ਸੁਝਾਅ ਮੰਗੇ ਗਏ ਉਥੇ 19 ਮਾਰਚ ਤੱਕ ਦੁਕਾਨਾਂ ਅੱਗੇ ਖੜ੍ਹਨ ਵਾਲੀਆਂ ਪੱਕੀਆਂ ਰੇਹੜੀਆਂ, ਆਰਜ਼ੀ ਨਾਜਾਇਜ਼ ਕਬਜ਼ੇ, ਬਾਹਰ ਪਿਆ ਦੁਕਾਨਾਂ ਦਾ ਸਾਮਾਨ ਨੂੰ ਤੁਰੰਤ ਹਟਾਉਣ ਦੀ ਹਦਾਇਤ ਕੀਤੀ ਗਈ। ਐੱਸ.ਐੱਚ.ਓ. ਸਿਟੀ ਸੁਖਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਆਵਾਜਾਈ ਨੂੰ ਸੁਖਾਲਾ ਕਰਨ 20 ਮਾਰਚ ਨੂੰ ਨਗਰ ਕੌਂਸਲ ਦੇ ਆਰਜ਼ੀ ਨਾਜਾਇਜ਼ ਕਬਜਾ ਹਟਾਊ ਐਕਸ਼ਨ ਪ੍ਰੋਗਰਾਮ ਚਲਾਏਗੀ ਜਿਸ ਵਿੱਚ ਸਭ ਨੂੰ ਲੋਕ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਵਾਜਾਈ ’ਚ ਵਿਘਨ ਬਣਨ ਵਾਲੇ ਬੇਤਰਤੀਬੇ ਖੜੇ ਵਾਹਨ ਵੀ ਚਲਾਨ ਕਰਕੇ ਜ਼ਬਤ ਕੀਤੇ ਜਾਣਗੇ। ਨਗਰ ਕੌਂਸਲ ਦੇ ਅਧਿਕਾਰੀ ਧੀਰਜ ਕੁਮਾਰ ਕੱਕੜ ਨੇ ਕਿਹਾ ਕਿ ਆਰਜ਼ੀ ਨਾਜਾਇਜ਼ ਕਬਜੇ ਨਾ ਹਟਾਉਣ ਵਾਲੇ ਲੋਕਾਂ ਖਿਲਾਫ 500 ਤੋਂ 25 ਹਜਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ