ਨਵਕਿਰਨ ਸਿੰਘ
ਮਹਿਲ ਕਲਾਂ, 30 ਦਸੰਬਰ
ਪੰਜਾਬ ਸਰਕਾਰ ਵੱਲੋਂ ਮਹਿਲ ਕਲਾਂ ਨੂੰ ਨਗਰ ਪੰਚਾਇਤ ਬਣਾਏ ਜਾਣ ਦੀ ਤਜਵੀਜ਼ ਦਾ ਇਲਾਕੇ ’ਚ ਸਰਗਰਮ ਮਜ਼ਦੂਰ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ। ਅੱਜ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਦਿਆਂ ਬੱਸ ਸਟੈਂਡ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕਣ ਉਪਰੰਤ ਬੀਡੀਪੀਓ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਮਜ਼ਦੂਰ ਜਥੇਬੰਦੀਆਂ ਨੇ ਦਲੀਲ ਦਿੱਤੀ ਕਿ ਜੇ ਮਹਿਲ ਕਲਾਂ ਨੂੰ ਨਗਰ ਪੰਚਾਇਤ ਬਣਾਇਆ ਗਿਆ ਤਾਂ ਮਹਿਲ ਕਲਾਂ ਦੇ ਮਗਨਰੇਗਾ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਜਾਵੇਗਾ ਤੇ ਮਜ਼ਦੂਰ ਕਈ ਲਾਭਪਾਤਰੀ ਯੋਜਨਾਵਾਂ ਤੋਂ ਬਾਹਰ ਹੋ ਜਾਣਗੇ।
ਸਥਾਨਕ ਬੀਡੀਪੀਓ ਦਫਤਰ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ, ਜਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ,ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ,ਚਰਨ ਸਿੰਘ ਵਜੀਦਕੇ, ਹੈਪੀ ਸਿੰਘ ਛੀਨੀਵਾਲ ਆਦਿ ਨੇ ਕਿਹਾ ਕਿ ਮਹਿਲ ਕਲਾਂ ਨਿਰੋਲ ਪੇਂਡੂ ਇਲਾਕਾ ਹੈ ਪਰ ਪੰਜਾਬ ਸਰਕਾਰ ਆਪਣੀਆਂ ਸਿਆਸੀ ਗਿਣਤੀਆਂ-ਮਿਣਤੀਆਂ ਤਹਿਤ ਮਹਿਲ ਕਲਾਂ ਅਤੇ ਮਹਿਲ ਕਲਾਂ (ਸੋਢੇ) ਦੀਆਂ ਦੋਵਾਂ ਗ੍ਰਾਮ ਪੰਚਾਇਤਾਂ ਨੂੰ ਜੋੜ ਕੇ ਮਹਿਲ ਕਲਾਂ ਨੂੰ ਨਗਰ ਪੰਚਾਇਤ ਬਣਾਉਣ ਜਾ ਰਹੀ ਹੈ ਜਿਸ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਮਗਨਰੇਗਾ ਤਹਿਤ ਰੁਜ਼ਗਾਰ ਸਿਰਫ ਪੇਂਡੂ ਖੇਤਰ ਅੰਦਰ ਗ੍ਰਾਮ ਪੰਚਾਇਤ ਰਾਹੀਂ ਮਿਲਦਾ ਹੈ ਤੇ ਜਿੱਥੇ ਵੀ ਗ੍ਰਾਮ ਪੰਚਾਇਤ ਦੀ ਥਾਂ ਨਗਰ ਪੰਚਾਇਤ/ਨਗਰ ਕੌਂਸਲ ਬਣਦੀ ਹੈ ਉੱਥੇ ਸਭ ਤੋਂ ਵੱਧ ਖਮਿਆਜ਼ਾ ਮਗਨਰੇਗਾ ਮਜ਼ਦੂਰਾਂ ਨੂੰ ਉਠਾਉਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਦਾ ਰੁਜ਼ਗਾਰ ਖਤਮ ਹੋ ਜਾਂਦਾ ਹੈ, ਇਸ ਲਈ ਮਹਿਲ ਕਲਾਂ ਦੇ ਮਗਨਰੇਗਾ ਮਜ਼ਦੂਰ ਆਪਣੇ ਰੁਜ਼ਗਾਰ ਦਾ ਇੱਕਮਾਤਰ ਸਹਾਰਾ ਮਗਨਰੇਗਾ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਮੌਕੇ ਮਗਨਰੇਗਾ ਮਜਦੂਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਸਿਆਸੀ ਲਾਹਾ ਲੈਣ ਲਈ ਮਹਿਲ ਕਲਾਂ ਨੂੰ ਨਗਰ ਪੰਚਾਇਤ ਤਾਂ ਬਣਾਉਣ ਜਾ ਰਹੀ ਹੈ ਪਰ ਇੱਥੇ ਵਸਦੇ ਮਜ਼ਦੂਰ ਪਰਿਵਾਰਾਂ ਦਾ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ। ਇਸ ਮੌਕੇ ਮਜ਼ਦੂਰ ਜਥੇਬੰਦੀਆਂ ਵੱਲੋਂ ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ ਜਿਸ ਰਾਹੀਂ ਮਹਿਲ ਕਲਾਂ ਨੂੰ ਨਗਰ ਪੰਚਾਇਤ ਬਨਾਉਣ ਦਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ।