ਸ਼ੰਗਾਰਾ ਸਿੰਘ ਅਕਲੀਆ
ਜੋਗਾ , 20 ਜੁਲਾਈ
ਸ਼ਹਿਰ ਜੋਗਾ ਅਤੇ ਪਿੰਡ ਅਕਲੀਆ ਦੇ ਦਲਿਤ ਪਰਿਵਾਰਾਂ ’ਤੇ ਅੱਤਿਆਚਾਰ ਕਰਨ ਵਾਲੇ ਧਨਾਢਾਂ ਖ਼ਿਲਾਫ਼ ਐੱਸਸੀ, ਐਸਟੀ ਐਕਟ ਤਹਿਤ ਕਾਰਵਾਈ ਕਰਵਾਉਣ ਲਈ ਅੱਜ ਥਾਣਾ ਜੋਗਾ ਅੱਗੇ ਧਰਨੇ ਲਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਰਾਜ ਅਦਰ ਦਲਿਤਾਂ ਉੱਪਰ ਅੱਤਿਆਚਾਰ ਵੱਧ ਰਹੇ ਹਨ ਅਤੇ ਪੁਲੀਸ ਪ੍ਰਸ਼ਾਸਨ ਅੱਤਿਆਚਾਰੀ ਧਨਾਢਾਂ ਦੀ ਰਖੇਲ ਦਾ ਰੋਲ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਜੋਗਾ ਵਿੱਚ ਝੋਨਾ ਲਵਾਈ ਦੀ ਪੂਰੀ ਮਜ਼ਦੂਰੀ ਮੰਗਣ ਬਦਲੇ ਸ਼ਹਿਰ ਜੋਗਾ ਦੇ ਧਨਾਢਾਂ ਹਰਪ੍ਰੀਤ ਸਿੰਘ,ਜਸਪ੍ਰੀਤ ਸਿੰਘ ,ਮਨਜੀਤ ਕੌਰ ਵਾਸੀ ਸ਼ਹਿਰ ਜੋਗਾ ਵੱਲੋਂ ਦਲਿਤ ਮਜ਼ਦੂਰ ਦੀ ਕੀਤੀ ਕੁੱਟਮਾਰ, ਪਿੰਡ ਅਕਲੀਆ ਦੇ ਦਲਿਤ ਨੌਜਵਾਨ ਨੂੰ ਜਾਤੀ ਤੌਰ ਤੇ ਗਾਲ਼ਾਂ ਦੇਣ ਤੇ ਬੰਦੂਕ ਨਾਲ ਫਾਇਰ ਕਰਨ ਵਾਲੇ ਕਾਂਗਰਸੀ ਆਗੂ ਸੇਠ ਸੱਤਪਾਲ ਸਿੰਗਲਾ ਦੇ ਉੱਪਰ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਜੋਗਾ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਕਿਹਾ ਕਿ ਧਨਾਢਾਂ ਦੇ ਅੱਤਿਆਚਾਰਾਂ ਤੋਂ ਪੀੜਤ ਦਲਿਤ ਸਮਾਜ ਥਾਣਿਆਂ ਕਚਹਿਰੀਆਂ ਲਈ ਰੁਲਣ ਲਈ ਮਜਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਜਮਾਤ ਨੂੰ ਇੱਕਠੇ ਹੋ ਕੇ ਸੰਘਰਸ਼ ਦਾ ਰਾਹ ਅਪਣਾਉਣਾ ਚਾਹੀਦਾ ਹੈ। ਦੂਜੇ ਪਾਸੇ ਥਾਣਾ ਜੋਗਾ ਦੇ ਮੁਖੀ ਅਜੇ ਕੁਮਾਰ ਪਰੋਚਾ ਨੇ ਧਰਨੇ ਵਿੱਚ ਆ ਕੇ ਕਾਨੂੰਨੀ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ। ਕਾਮਰੇਡ ਕੇਵਲ ਸਿੰਘ ਅਕਲੀਆ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਐੱਸਸੀ,ਐੱਸਟੀ ਐਕਟ ਤਹਿਤ ਪਰਚਾ ਦਰਜ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਐੱਸਐੱਸਪੀ ਦਫਤਰ ਮਾਨਸਾ ਦਾ ਘਿਰਾਉ ਕੀਤਾ ਜਾਵੇਗਾ। ਇਸ ਮੌਕੇ ਕਾਮਰੇਡ ਭੋਲ ਸਿੰਘ ਝੱਬਰ, ਮਨਜੀਤ ਕੌਰ ਜੋਗਾ, ਜਗਸੀਰ ਸਿੰਘ ਅਕਲੀਆ, ਸੀਰਾ ਸਿੰਘ ਖਾਲਸਾ, ਰਣ ਸਿੰਘ ਖਾਲਸਾ, ਬਲਕਾਰ ਸਿੰਘ ਝੱਬਰ ਨੇ ਵੀ ਸੰਬੋਧਨ ਕੀਤਾ ।