ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਫਰਵਰੀ
ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਪਿੰਡ ਰੌਲੀ ਵਿੱਚ ਔਰਤਾਂ ਨੇ ਮਸ਼ਾਲ ਮਾਰਚ ਕੱਢਿਆ। ਇਸ ਮੌਕੇ ਉਨ੍ਹਾਂ ਨੇ ਚੁਰਾਹੇ ’ਚ ਮੋਦੀ, ਅਮਿਤ ਸ਼ਾਹ, ਅੰਬਾਨੀ-ਅਡਾਨੀ, ਤੋਮਰ ਦੇ ਘੜ੍ਹੇ ਭੰਨ ਕੇ ਪਿੱਟ ਸਿਆਪਾ ਕੀਤਾ। ਇਸ ਮੌਕੇ ਕਿਸਾਨ ਬੀਬੀ ਬਲਜੀਤ ਕੌਰ, ਮਨਪ੍ਰੀਤ ਕੌਰ, ਹਰਦੀਪ ਕੌਰ ਹੈਪੀ ਤੇ ਹੋਰਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਪਾਪਾਂ ਦੇ ਘੜੇ ਹੁਣ ਭਰ ਚੁੱਕੇ ਹਨ। ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਅਤੇ ਕਾਲੇ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਔਰਤਾਂ ਦਿੱਲੀ ਵੱਲ ਕੂਚ ਕਰਨ ਲਈ ਮਜਬੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਪਰੇਡ ਵਿੱਚ ਪੁੱਜੇ ਸੂਬੇ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਤੇ ਨੌਜਵਾਨਾਂ ਨੂੰ ਜੇਲ੍ਹ ’ਚ ਡੱਕ ਦਿੱਤਾ ਗਿਆ ਅਤੇ ਟਰੈਕਟਰ ਕਬਜ਼ੇ ਵਿੱਚ ਕਰ ਲਏ ਗਏ। ਉਨ੍ਹਾਂ ਦੇ ਨੇੜਲੇ ਪਿੰਡ ਤਤਾਰੀਏਵਾਲਾ ਦੇ ਵੀ 11 ਨੌਜਵਾਨ ਸ਼ਾਮਲ ਹਨ।
ਮੋਗਾ ਦੇ ਦੋ ਨੌਜਵਾਨਾਂ ਨੂੰ ਜ਼ਮਾਨਤ ਮਿਲੀ
ਸ਼੍ਰੋਮਣੀ ਅਕਾਲੀ ਦਲ (ਬਾਦਲ) ਕੌਮੀ ਉੱਪ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਦੋ ਨੌਜਵਾਨਾਂ ਦਲਜਿੰਦਰ ਸਿੰਘ ਪਿੰਡ ਤਤਾਰੀਏਵਾਲਾ ਅਤੇ ਸੁਖਪ੍ਰੀਤ ਸਿੰਘ ਪਿੰਡ ਬੱਡੂਵਾਲ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਥਾਪਤ ਕਾਨੂੰਨੀ ਸੈੱਲ ਦੀ ਮਿਹਨਤ ਸਦਕਾ ਜ਼ਮਾਨਤ ਹੋ ਗਈ ਹੈ ਅਤੇ ਬਾਕੀ ਕਿਸਾਨਾਂ ਤੇ ਨੌਜਵਾਨਾਂ ਦੀ ਰਿਹਾਈ ਲਈ ਟੀਮ ਵੱਲੋਂ ਚਾਰਾਜੋਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਦੀ ਰਿਹਾਈ ਦੀ ਉਮੀਦ ਹੈ।