ਭੁੱਚੋ ਮੰਡੀ:
ਲਹਿਰਾ ਬੇਗਾ ਟੌਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਤਨਖਾਹ ਅਤੇ ਨੌਕਰੀ ਲਈ ਪਿਛਲੇ ਇੱਕ ਮਹੀਨੇ ਤੋਂ ਪੱਕਾ ਮੋਰਚਾ ਅਤੇ ਪਿਛਲੇ 11 ਦਿਨਾਂ ਤੋਂ ਦਫ਼ਤਰ ਦਾ ਘਿਰਾਓ ਕੀਤਾ ਜਾਣਾ ਅੱਜ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਟੌਲ ਕੰਪਨੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤਨਖ਼ਾਹਾਂ ਤੁਰੰਤ ਜਾਰੀ ਕਰਨ ਅਤੇ ਨੌਕਰੀ ’ਤੇ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਟੌਲ ਪਲਾਜ਼ਾ ਸੰਘਰਸ਼ ਕਮੇਟੀ ਦੇ ਆਗੂ ਦਵਿੰਦਰ ਚਾਂਦੀ, ਰਮਨਦੀਪ ਸਿੰਘ, ਗੋਗੀ ਪੂਹਲਾ, ਮਨਜੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਮੁਲਾਜ਼ਮਾਂ ਨੇ ਦਸੰਬਰ ਅਤੇ ਜਨਵਰੀ ਮਹੀਨੇ ਦੀ ਤਨਖਾਹ ਲੈਣ ਅਤੇ ਰੁਜ਼ਗਾਰ ਬਰਕਰਾਰ ਰੱਖਣ ਲਈ ਕਿਰਤ ਅਦਾਲਤ ਵਿੱਚ ਪਹੁੰਚ ਕੀਤੀ ਹੈ। ਲੇਬਰ ਇੰਸਪੈਕਟਰ ਨੇ ਦੋਹਾਂ ਧਿਰਾਂ ਨੂੰ 19 ਫਰਵਰੀ ਨੂੰ ਅਦਾਲਤ ਵਿੱਚ ਸੱਦਿਆ ਹੈ। -ਪੱਤਰ ਪ੍ਰੇਰਕ