ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 22 ਸਤੰਬਰ
ਇੱਥੋਂ ਦੀ ਕੇਂਦਰੀ ਜੇਲ੍ਹ ਵਿਚ ਸਥਿਤ ਫਾਂਸੀ ਵਾਲੇ ਅਹਾਤੇ ਵਿਚੋਂ ਤਲਾਸ਼ੀ ਦੌਰਾਨ ਤੰਬਾਕੂ ਦੀਆਂ 23 ਪੁੜੀਆਂ ਬਰਾਮਦ ਹੋਈਆਂ ਹਨ। ਸਹਾਇਕ ਸੁਪਰਡੈਂਟ ਹਰੀ ਸਿੰਘ ਤੇ ਹੈੱਡ ਵਾਰਡਰ ਸੁਰਜੀਤ ਸਿੰਘ ਜਦੋਂ ਅਹਾਤੇ ਦੀ ਚੈਕਿੰਗ ਕਰ ਰਹੇ ਸਨ ਤਾਂ ਇੱਕ ਲਿਫ਼ਾਫ਼ੇ ਵਿਚੋਂ ਜਰਦੇ ਦੀਆਂ ਇਹ ਪੁੜੀਆਂ ਬਰਾਮਦ ਹੋਈਆਂ।
ਇਸੇ ਤਰ੍ਹਾਂ ਇੱਕ ਹੋਰ ਵੱਖਰੇ ਮਾਮਲੇ ਵਿਚ ਜੇਲ੍ਹ ਅਧਿਕਾਰੀ ਜਦੋਂ ਤਲਾਸ਼ੀ ਲੈ ਰਹੇ ਸਨ ਤਾਂ ਤਲਾਸ਼ੀ ਦੌਰਾਨ ਹਵਾਲਾਤੀ ਵਿਜੇ ਸਿੰਘ ਕੋਲੋਂ ਇਕ ਮੋਬਾਈਲ ਅਤੇ ਸਿੰਮ ਕਾਰਡ ਬਰਾਮਦ ਕੀਤਾ ਹੈ। ਦੋਵੇਂ ਮਾਮਲੇ ਥਾਣਾ ਸਿਟੀ ਵਿਚ ਦਰਜ ਕਰ ਲਏ ਗਏ ਹਨ ਅਤੇ ਪੁਲੀਸ ਵੱਲੋਂ ਦੋਵਾਂ ਮਾਮਲਿਆਂ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।