ਭੁੱਚੋ ਮੰਡੀ: ਇੱਥੋਂ ਨਜ਼ਦੀਕੀ ਪਿੰਡ ਬੁਰਜ ਕਾਹਨ ਸਿੰਘ ਵਾਲਾ ਦੇ ਉੱਦਮੀ ਨੌਜਵਾਨਾਂ ਨੇ ਆਪਣੇ ਪਿੰਡ ਦੀਆਂ ਲੜਕੀਆਂ ਲਈ ਲਵੇਰੀਸਰ ਸੜਕ ’ਤੇ ਇੱਕ ਖੇਡ ਮੈਦਾਨ ਵਿੱਚ ਤੀਆਂ ਦਾ ਪ੍ਰਬੰਧ ਕੀਤਾ। ਉਨ੍ਹਾਂ ਵੱਲੋਂ ਪਿੰਡ ਦੀਆਂ ਵਿਆਹੀਆਂ ਲੜਕੀਆਂ ਨੂੰ ਬਾਕਾਇਦਾ ਸੱਦੇ ਪੱਤਰ ਭੇਜ ਕੇ ਬੁਲਾਇਆ ਗਿਆ। ਇਸ ਮੌਕੇ ਸੱਭਿਆਚਾਰਕ ਪਹਿਰਾਵੇ ਵਿੱਚ ਸਜੀਆਂ ਵੱਡੀ ਗਿਣਤੀ ਵਿੱਚ ਮੁਟਿਆਰਾਂ ਨੇ ਪੰਜਾਬੀ ਬੋਲੀਆਂ ਪਾ ਕੇ ਖੂਬ ਗਿੱਧਾ ਪਾਇਆ ਅਤੇ ਪੀਂਘਾਂ ਝੂਟੀਆਂ। ਲੰਮੇ ਸਮੇਂ ਬਾਅਦ ਇਕੱਠੀਆਂ ਹੋਈਆਂ ਲੜਕੀਆਂ ਨੇ ਆਪਣੀਆਂ ਸਹੇਲੀਆਂ ਨਾਲ ਮਨਾਂ ਦੇ ਬਲਬਲੇ ਵੀ ਸਾਂਝੇ ਕੀਤੇ। ਲੜਕੀਆਂ ਨੇ ਨੌਜਵਾਨ ਭਰਾਵਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਬੰਧਕ ਸਾਬਕਾ ਫ਼ੌਜੀ ਗੁਰਜੰਟ ਸਿੰਘ, ਅਮਨਦੀਪ ਸਿੰਘ, ਗੁਰਬਿੰਦਰ ਬੱਲੀ, ਸਿਕੰਦਰ ਸਿੱਧੂ, ਬੱਬੂ ਸਿੱਧੂ, ਮੇਵਾ ਬਾਬਾ ਅਤੇ ਗੱਗੀ ਦਾ ਵਿਸ਼ੇਸ਼ ਸਹਿਯੋਗ ਰਿਹਾ। -ਪੱਤਰ ਪ੍ਰੇਰਕ