ਮਲੋਟ: ਨੇੜਲੇ ਪਿੰਡ ਡੱਬਵਾਲੀ-ਢਾਬ ਵਿੱਚ ਘਰ ਦੀ ਪੀਣ ਵਾਲੇ ਪਾਣੀ ਦੀ ਟੈਂਕੀ ’ਚ ਮਰਿਆ ਹੋਇਆ ਸੱਪ ਸੁੱਟ ਕੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਸਾਜਿਸ਼ ਦਾ ਮਾਮਲਾ ਥਾਣਾ ਕਬਰਵਾਲਾ ਪਹੁੰਚਿਆ ਹੈ। ਘਰ ਦੇ ਮਾਲਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੱਪ ਬਾਰੇ ਉਨ੍ਹਾਂ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਟੂਟੀਆਂ ਦੇ ਪਾਣੀ ’ਚੋਂ ਬਦਬੂ ਆਉਣ ਲੱਗੀ ਅਤੇ ਪਾਣੀ ਦਾ ਸੁਆਦ ਵੀ ਬਦਲਿਆ ਮਹਿਸੂਸ ਹੋਇਆ। ਜਦੋਂ ਉਨ੍ਹਾਂ ਨੇ ਟੈਂਕੀ ਦੀ ਪੜਤਾਲ ਕੀਤੀ ਤਾਂ ਉਸ ਵਿੱਚ ਮਰਿਆ ਸੱਪ ਪਿਆ ਸੀ। ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਨੇ ਇਹ ਕਾਰਾ ਕੀਤਾ ਹੈ, ਉਸ ਨੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਉਪਰੰਤ ਉਨ੍ਹਾਂ ਸ਼ੱਕੀ ਵਿਅਕਤੀ ਖ਼ਿਲਾਫ਼ ਥਾਣਾ ਕਬਰਵਾਲਾ ਵਿੱਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਤੀਜੇ ਦਿਨ ਤੱਕ ਕੋਈ ਵੀ ਪੁਲੀਸ ਕਰਮਚਾਰੀ ਮੌਕਾ ਦੇਖਣ ਲਈ ਨਹੀਂ ਪਹੁੰਚਿਆ। ਓਧਰ, ਥਾਣਾ ਕਬਰਵਾਲਾ ਦੇ ਇੰਚਾਰਜ ਇੰਸਪੈਕਟਰ ਬਲਵੰਤ ਸਿੰਘ ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ਼ ਦਿਵਾਇਆ ਕਿ ਨਿਰਪੱਖ ਪੜਤਾਲ ਕਰ ਕੇ ਉਹ ਉਨ੍ਹਾਂ ਨੂੰ ਨਿਆਂ ਜ਼ਰੂਰ ਦਿਵਾਉਣਗੇ। -ਨਿੱਜੀ ਪੱਤਰ ਪ੍ਰੇਰਕ