ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 20 ਮਾਰਚ
ਇਲਾਕੇ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ ਇਕ ਦੀ ਸ਼ਨਾਖਤ ਹੋ ਚੁੱਕੀ ਹੈ ਅਤੇ ਬਾਕੀ ਦੋ ਲਾਸ਼ਾਂ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਰਾਮਪੁਰਾ ਦੀ ਮੌਰਚਰੀ ਵਿੱਚ ਰੱਖਿਆ ਗਿਆ ਹੈ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਵਾਹਰ ਨਗਰ ਨੇੜੇ ਇੱਕ ਲਾਸ਼ ਪਈ ਹੋਣ ਦੀ ਸੂਚਨਾ ਇਤਲਾਹ ਮਿਲੀ ਸੀ। ਮੌਕੇ ’ਤੇ ਪੁੱਜੇ ਜੀਆਰਪੀ ਦੇ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ, ਜਿਸ ਦੀ ਸ਼ਨਾਖਤ ਜਸਵੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰਾਮਪੁਰਾ ਮੰਡੀ ਵਜੋਂ ਹੋਈ।
ਜਸਵੀਰ ਸਿੰਘ ਦੇ ਭਰਾ ਦੇ ਬਿਆਨ ’ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਇਸੇ ਦੌਰਾਨ ਦੂਜੀ ਲਾਸ਼ ਰੇਲਵੇ ਸਟੇਸ਼ਨ ’ਤੇ ਪਟੜੀ ਤੋਂ ਮਿਲੀ, ਜਿਸ ਵਿੱਚ ਨੌਜਵਾਨ ਦਾ ਸਰੀਰ ਬੁੁਰੀ ਤਰ੍ਹਾਂ ਕੱਟਿਆ ਗਿਆ ਸੀ। ਨੌਜਵਾਨ ਦੇ ਕਾਲੀ ਟੀ-ਸ਼ਰਟ, ਹਰੀ ਅਤੇ ਚਿੱਟੀ ਧਾਰੀਦਾਰ ਕਮੀਜ਼, ਅਸਮਾਨੀ ਰੰਗ ਦੀ ਲੋਅਰ ਪਹਿਨੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਉਮਰ ਤਕਰੀਬਨ 30 ਸਾਲ ਦੇ ਕਰੀਬ ਜਾਪ ਰਹੀ ਹੈ। ਤੀਸਰੀ ਲਾਸ਼ ਪਿੰਡ ਕਰਾੜਵਾਲਾ ਦੇ ਨੇੜੇ ਸੂਏ ਵਿੱਚੋਂ ਮਿਲੀ ਹੈ, ਜਿਸ ਵਿੱਚ ਨੌਜਵਾਨ ਦੀ ਮੌਤ ਸੂਏ ਵਿੱਚ ਡਿੱਗਣ ਕਾਰਨ ਹੋਈ ਲੱਗ ਰਹੀ ਹੈ। ਨੌਜਵਾਨ ਦਾ ਸਾਈਕਲ ਸੜਕ ’ਤੇ ਡਿੱਗਿਆ ਪਿਆ, ਜਦ ਕਿ ਉਸ ਨੇ ਪਿਆਜ਼ੀ ਰੰਗ ਦੀ ਟੀ-ਸ਼ਰਟ, ਕਾਲੇ ਰੰਗ ਦੀ ਲੋਅਰ ਪਹਿਨੀ ਹੋਈ ਹੈ ਅਤੇ ਉਸ ਦੀ ਉਮਰ ਕਰੀਬ 25 ਸਾਲ ਜਾਪ ਰਹੀ ਹੈ। ਦੋਵਾਂ ਲਾਵਾਰਸ ਦੇਹਾਂ ਨੂੰ ਸੰਸਥਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ 72 ਘੰਟੇ ਸ਼ਨਾਖ਼ਤ ਲਈ ਰੱਖਿਆ ਗਿਆ ਅਤੇ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।