ਪੱਤਰ ਪ੍ਰੇਰਕ
ਕੋਟਕਪੂਰਾ, 16 ਅਪਰੈਲ
ਸੀਆਈਏ ਸਟਾਫ਼ ਜੈਤੋ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਬੈਠੇ ਇੱਕ ਗੈਂਗ ਦੇ ਛੇ ਮੈਂਬਰਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਵਿੱਚ ਹਰਜੀਤ ਸਿੰਘ ਉਰਫ਼ ਦਾਰਾ, ਗੁਰਸੇਵਕ ਸਿੰਘ ਤੇ ਰਾਹੁਲ ਸ਼ਾਮਲ ਹਨ ਜਦੋਂਕਿ ਇਸ ਦੌਰਾਨ ਇਨ੍ਹਾਂ ਦੇ ਸਾਥੀ ਪ੍ਰਿੰਸ ਬਿੱਲ, ਕਰਨ ਬਿੱਲਾ ਤੇ ਰਮਨਦੀਪ ਸਿੰਘ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ। ਪੁਲੀਸ ਨੇ ਮੁਲਜ਼ਮਾਂ ਕੋਲੋਂ ਹਥਿਆਰ ਬਰਾਮਦ ਕੀਤੇ ਹਨ। ਸੀਆਈਏ ਸਟਾਫ਼ ਜੈਤੋ ਦੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਕੋਟਕਪੂਰਾ ਸਿਟੀ ਪੁਲੀਸ ਸਟੇਸ਼ਨ ’ਚ ਕੇਸ ਦਰਜ ਕਰਵਾਇਆ ਕਿ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਇਹ ਛੇ ਗੈਂਗਸਟਰ ਸੂਆ ਪਟੜੀ ਰੇਲਵੇ ਲਾਈਨ ਵਾਲੇ ਪਾਸੇ ਜੈਤੋ ਰੋਡ ’ਤੇ ਬੈਠੇ ਕੇ ਸ਼ਹਿਰ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਜਾਂਚ ਅਧਿਕਾਰੀ ਚਰਨਜੀਤ ਸਿੰਘ ਨੇ ਦਾਅਵਾ ਕੀਤਾ ਕਿ ਫ਼ਰਾਰ ਹੋਏ ਮੁਲਜ਼ਮਾਂ ਨੂੰ ਜਲਦੀ ਕਾਬੂ ਲਿਆ ਜਾਵੇਗਾ।