ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 9 ਮਈ
ਬਠਿੰਡਾ ਪੁਲੀਸ ਦੇ ਸਪੈਸ਼ਲ ਸੈੱਲ ਨੇ ਤਿੰਨ ਵਿਅਕਤੀਆਂ ਨੂੰ ਕਥਿਤ ਤੌਰ ’ਤੇ 175 ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਨੂੰ ਬਠਿੰਡਾ-ਬਰਨਾਲਾ ਰੋਡ ’ਤੇ ਭੁੱਚੋ ਨੇੜਿਓਂ ਉਦੋਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਟਰਾਲੇ ’ਤੇ ਲੱਦ ਕੇ ਭੁੱਕੀ ਦੇ ਗੱਟੇ ਲਿਆ ਰਹੇ ਸਨ। ਤਲਾਸ਼ੀ ਲਈ ਸਪੈਸ਼ਲ ਸਟਾਫ ਦੇ ਏਐਸਆਈ ਰਾਜਵੀਰ ਸਿੰਘ ਨੇ ਟਰਾਲੇ ਨੂੰ ਰੋਕਿਆ ਅਤੇ ਇਸ ਪਿੱਛੋਂ ਸਬ ਇੰਸਪੈਕਟਰ ਹਰਜੀਵਨ ਸਿੰਘ ਮੌਕੇ ’ਤੇ ਪੁੱਜੇ। ਡੀਐਸਪੀ ਸਿਟੀ-2 ਬਠਿੰਡਾ ਆਸ਼ਵੰਤ ਸਿੰਘ ਦੀ ਹਾਜ਼ਰੀ ਵਿੱਚ ਪੁਲੀਸ ਨੇ ਟਰਾਲੇ ਦੀ ਤਲਾਸ਼ੀ ਲਈ ਤਾਂ 25-25 ਕਿਲੋ ਦੇ 7 ਗੱਟੇ ਭੁੱਕੀ ਦੇ ਬਰਾਮਦ ਹੋਏ। ਇਸ ਸਬੰਧੀ ਭੁੱਚੋ ਕਲਾਂ ਦੇ ਤਿੰਨ ਮੁਲਜ਼ਮਾਂ ਸੁਖਵੰਤ ਸਿੰਘ ਉਰਫ਼ ਬੰਟੀ, ਬਲਦੇਵ ਸਿੰਘ ਅਤੇ ਸੁਖਮੰਦਰ ਸਿੰਘ ਉਰਫ਼ ਮੰਦਰ ਖ਼ਿਲਾਫ਼ ਥਾਣਾ ਕੈਂਟ ਬਠਿੰਡਾ ਵਿਚ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਮੁਲਜ਼ਮ ਹੈਰੋਇਨ ਸਮੇਤ ਕਾਬੂ
ਜ਼ੀਰਾ (ਪੱਤਰ ਪ੍ਰੇਰਕ): ਇੱਥੇ ਪੁਲੀਸ ਨੇ ਇਕ ਵਿਅਕਤੀ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੱਲਾਂਵਾਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਮੁਲਾਜ਼ਮ ਦਰਸ਼ਨ ਸਿੰਘ ਪੁਲੀਸ ਪਾਰਟੀ ਸਮੇਤ ਪਿੰਡ ਫੱਤੇਵਾਲਾ ਬੰਨ੍ਹ ’ਤੇ ਗਸ਼ਤ ਕਰ ਰਿਹਾ ਸੀ, ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਤਨਾਮ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਆਲੇਵਾਲਾ ਮੱਲਾਂਵਾਲਾ ਜੋ ਹੈਰੋਇਨ ਵੇਚਣ ਦਾ ਆਦੀ ਹੈ ਤੇ ਅੱਜ ਵੀ ਹੈਰੋਇਨ ਵੇਚਣ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਿੰਡ ਦੁੱਲਾ ਵਿੱਚ ਸੂਏ ਕੋਲ ਖੜ੍ਹਾ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਮਗਰੋਂ ਪੁਲੀਸ ਨੇ ਮੌਕੇ ’ਤੇ ਛਾਪਾ ਮਾਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।