ਪਵਨ ਗੋਇਲ
ਭੁੱਚੋ ਮੰਡੀ, 22 ਜੁਲਾਈ
ਲਹਿਰਾ ਬੇਗਾ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਅੱਜ ਤਨਖਾਹ ਮੰਗੇ ਜਾਣ ’ਤੇ ਨੌਕਰੀ ਤੋਂ ਫਾਰਗ ਕੀਤੇ ਜਾਣ ਦੀ ਦਿੱਤੀ ਧਮਕੀ ਖ਼ਿਲਾਫ਼ ਧਰਨਾ ਦਿੱਤਾ ਤੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰੋਹ ਵਿੱਚ ਆਏ ਮੁਲਾਜ਼ਮ ਵਿੱਕੀ ਸਿੰਘ ਬੇਗਾ, ਅਨਮੋਲ ਬੇਗਾ, ਸੁਖਮਨਦੀਪ ਸਿੰਘ ਅਤੇ ਸੱਖਾ ਸਿੰਘ ਨੇ ਦੱਸਿਆ ਕਿ ਟੌਲ ਪਲਾਜ਼ਾ ’ਤੇ ਕੰਮ ਕਰਦੇ ਦੋ ਮੈਡੀਕਲ ਅਟੈਂਡੈਂਟਾਂ, ਦੋ ਡਰਾਈਵਰਾਂ ਅਤੇ 11 ਸੇਵਾਦਾਰਾਂ ਨੂੰ ਅਧਿਕਾਰੀਆਂ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ। ਕੱਲ ਜਦੋਂ ਉਨ੍ਹਾਂ ਰੋਸ ਜ਼ਾਹਿਰ ਕੀਤਾ ਤਾਂ ਅਧਿਕਾਰੀਆਂ ਨੇ ਛੇ ਸੇਵਾਦਾਰਾਂ ਨੂੰ ਤਾਂ ਤਨਖਾਹ ਦੇ ਦਿੱਤੀ ਸੀ, ਪਰ ਨੌਂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ। ਉਨ੍ਹਾਂ ਦੋਸ਼ ਲਗਾਇਆ ਕਿ ਐੱਨਐੱਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਅਮਿਤ ਚੌਹਾਨ ਨੇ ਤਨਖਾਹ ਤੋਂ ਵਾਂਝੇ ਚੱਲ ਰਹੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧੀ ਪ੍ਰਾਜੈਕਟ ਡਾਇਰੈਕਟਰ ਅਮਿਤ ਚੌਹਾਨ ਨੇ ਕਿਹਾ ਕਿ ਸਾਰੇ ਮੁਲਾਜ਼ਮਾਂ ਨੂੰ ਅੱਜ ਤਨਖਾਹ ਮਿਲ ਜਾਵੇਗੀ। ਨੌਕਰੀ ਤੋਂ ਫਾਰਗ ਕਰਨ ਦੀ ਧਮਕੀ ਸਬੰਧੀ ਉਨ੍ਹਾਂ ਕਿਹਾ ਕਿ ਉਹ ਮੁਲਾਜ਼ਮਾਂ ਨੂੰ ਕੰਮ ਲਈ ਪੈਸੇ ਦਿੰਦੇ ਹਨ। ਜੇਕਰ ਉਹ ਢੰਗ ਨਾਲ ਕੰਮ ਨਹੀਂਂ ਕਰਨਗੇ ਅਤੇ ਉਨ੍ਹਾਂ ’ਤੇ ਬੇਲੋੜਾ ਦਬਾਅ ਬਣਾਉਂਦੇ ਰਹਿਣਗੇ ਤਾਂ ਉਹ ਇਨ੍ਹਾਂ ਨੂੰ ਬਿਲਕੁਲ ਨਹੀਂ ਰੱਖਣਗੇ।