ਇਕਬਾਲ ਸਿੰਘ ਸ਼ਾਂਤ
ਲੰਬੀ, 12 ਜਨਵਰੀ
ਭਾਰਤ ਮਾਲਾ ਪ੍ਰਾਜੈਕਟ ਤਹਿਤ ਡੱਬਵਾਲੀ-ਮਲੋਟ ਐਨ.ਐਚ-9 ’ਤੇ ਚਹੁੰ ਮਾਰਗੀ ਕਰਨ ਲਈ 32296 ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਜੰਗਲਾਤ ਵਿਭਾਗ ਦੀ ਇਸ ਕਾਰਵਾਈ ਦੇ ਸ਼ਿਕਾਰ 15266 ਜਵਾਨ ਰੁੱਖਾਂ ਵਿੱਚੋਂ ਕਰੀਬ 40 ਜਵਾਨ ਰੁੱਖਾਂ ਨੂੰ ਪੁਨਰ ਜੀਵਨ ਦੇਣ ਦਾ ਅਹਿਦ ਲਿਆ ਹੈ। ਨਵੇਂ ਤਜਰਬੇ ਤਹਿਤ ਇਨ੍ਹਾਂ ਪੁੱਟੇ ਜਾ ਹਰੇ ਦਰੱਖਤਾਂ ਨੂੰ ਕਿੱਲਿਆਂਵਾਲੀ ਮਾਈਨਰ ਦੇ ਕੰਢੇ ਲਗਾਇਆ ਜਾ ਰਿਹਾ ਹੈ।
ਕਰੀਬ 210 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਬੁਨਿਆਦ ਪਾਉਣ ਲਈ ਵਿਕਾਸ ਦੀ ਕੁਲ੍ਹਾੜੀ ਦੇ ਸ਼ਿਕਾਰ ਬਣਨ ਵਾਲੇ ਰੁੱੱਖਾਂ ’ਚ 8030 ਨੰਬਰੀ ਦਰੱਖਤ, 15266 ਜਵਾਨ ਰੁੱਖ ਅਤੇ 9 ਹਜ਼ਾਰ ਦੇ ਕਰੀਬ ਛੋਟੇ ਬੂਟੇ ਹਨ। ਵਿਭਾਗੀ ਜਾਣਕਾਰੀ ਮੁਤਾਬਕ ਇਹ ਛੋਟੇ ਬੂਟੇ ਅਜੇ ਪਿਛਲੇ ਵਰ੍ਹੇ ਹੀ ਲਗਾਏ ਗਏ ਸਨ।
ਬਾਦਲ ਡਵੀਜ਼ਨ ਦੇ ਰੇਂਜ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਦਰੱਖਤਾਂ ਨੂੰ ਸੜਕ ਕੰਢਿਓਂ ਪੁੱਟ ਕੇ ਹਾਈਡਰਾ ਦੀ ਮਦਦ ਨਾਲ ਮੁੜ ਮਾਈਨਰ ਕੰਢੇ ਲਗਵਾਇਆ ਜਾ ਰਿਹਾ ਹੈ। ਬਲਾਕ ਜੰਗਲਾਤ ਅਫਸਰ ਸਵਰਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਪਾਇਲਟ ਪ੍ਰਾਜੈਕਟ ਦੀ ਸਫ਼ਲਤਾ ਦਾ ਅਸਲ ਨਤੀਜਾ ਮਈ-ਜੂਨ ਮਹੀਨੇ ਤੱਕ ਮਿਲੇਗਾ। ਕਰੀਬ ਛੇ-ਸੱਤ ਹਫ਼ਤਿਆਂ ’ਚ ਮੁੜ ਤੋਂ ਲਗਾਏ ਰੁੱਖਾਂ ’ਤੇ ਨਵੇਂ ਪੱਤਿਆਂ ਦਾ ਫੁਟਾਰਾ ਆਵੇਗਾ। ਵਣ ਗਾਰਡ ਸ਼ਾਮ ਸੁੰਦਰ ਅਤੇ ਹੋਰ ਦਰਜਨ ਭਰ ਮਜ਼ਦੂਰ ਵਾਤਾਵਰਨ ਬਚਾਊ ਮੁਹਿੰਮ ਨੂੰ ਆਪਣੇ ਯੋਗਦਾਨ ਪਾਉਂਦੇ ਵਿਖਾਈ ਦਿੱਤੇ।
40 ਤੋਂ 45 ਮੀਟਰ ਤੱਕ ਚੌੜੀ ਹੋਵੇਗੀ ਡੱਬਵਾਲੀ-ਮਲੋਟ ਸੜਕ
ਜੰਗਲਾਤ ਵਿਭਾਗ ਦੇ ਕਾਗਜ਼ਾਂ ’ਚ ਡੱਬਵਾਲੀ-ਹਿਸਾਰ ਸੁਲੇਮਾਨੀ ਸੜਕ ਅਖਵਾਉਂਦੀ (ਡੱਬਵਾਲੀ-ਮਲੋਟ ਰੋਡ) ਨੂੰ ਰੱਥੜੀਆਂ ਤੋਂ ਸਿੰਘੇਵਾਲਾ ਮੋੜ (ਕਿਲੋਮੀਟਰ ਨੰਬਰ 319 ਤੋਂ 341) ਤੱਕ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਵੱਲੋਂ ਚਹੁੰ ਮਾਰਗੀ ਕਰਕੇ ਡੱਬਵਾਲੀ-ਬਠਿੰਡਾ ਰੋਡ ਮਿਨੀ ਬਾਈਪਾਸ ਨਾਲ ਜੋੜਿਆ ਜਾਣਾ ਹੈ। ਸਰਕਾਰੀ ਸੂਤਰਾਂ ਮੁਤਾਬਕ ਕਰੀਬ 22.5 ਕਿਲੋਮੀਟਰ ਲੰਮੀ ਚਹੁੰਮਾਰਗੀ ਸੜਕ 40 ਤੋਂ 45 ਮੀਟਰ ਤੱਕ ਚੌੜੀ ਹੋਵੇਗੀ ਜਿਸ ਵਿੱਚ ਡੇਢ ਮੀਟਰ ਤੋਂ ਢਾਈ ਮੀਟਰ ਤੱਕ ਡਿਵਾਈਡਰ ਹੋਣਗੇ। ਸੜਕ ’ਤੇ ਅਬੁੱਲਖੁਰਾਣਾ, ਮਾਹੂਆਣਾ, ਲੰਬੀ ਅਤੇ ਖਿਉਵਾਲੀ ’ਚ ਪੁਲ ਬਣਨੇ ਹਨ। ਜਦੋਂਕਿ ਸੜਕ ਦੇ ਹੇਠਾਂ 60 ਤੋਂ 70 ਨਹਿਰੀ ਪਾਣੀ ਦੇ ਲਾਂਘੇ ਖਾਤਰ ਪੁਲੀਆਂ ਬਣਨੀਆਂ ਹਨ।