ਪੱਤਰ ਪ੍ਰੇਰਕ
ਟੱਲੇਵਾਲ, 2 ਅਗਸਤ
ਜਮਹੂਰੀ ਹੱਕਾਂ ਦੀ ਲਹਿਰ ਦੇ ਸ਼ੰਘਰਸ਼ੀਲ ਸਾਥੀ ਕੌਰ ਸਿੰਘ ਸੇਖੋਂ ਦੀ ਪਹਿਲੀ ਬਰਸੀ ਸਮੇਂ ਪਿੰਡ ਭੋਤਨਾ ਵਿੱਚ ‘ਲੋਕ ਸ਼ੰਘਰਸ਼ਾਂ ਪ੍ਰਤੀ ਸੱਤਾ ਦਾ ਰਵੱਈਆ ਅਤੇ ਜਮਹੂਰੀ ਅਧਿਕਾਰ’ ਵਿਸ਼ੇ ਤੇ ਵਿਚਾਰ ਚਰਚਾ ਹੋਈ। ਮਾਸਟਰ ਗੁਰਪ੍ਰੀਤ ਸਿੰਘ ਭੋਤਨਾ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸਾਥੀ ਕੌਰ ਸਿੰਘ ਸੇਖੋਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਨਾਲ ਹੋਈ। ਮੁੱਖ ਬੁਲਾਰੇ ਵਜੋਂ ਪਹੁੰਚੇ ਪ੍ਰੋਫੈਸਰ ਜਗਮੋਹਨ ਸਿੰਘ ਜਨਰਲ ਸਕੱਤਰ ਜਮਹੂਰੀ ਅਧਿਕਾਰ ਸਭਾ ਪੰਜਾਬ (ਭਾਣਜਾ ਸ਼ਹੀਦ ਭਗਤ ਸਿੰਘ) ਅਤੇ ਪ੍ਰੋਫੈਸਰ ਰਜਿੰਦਰਪਾਲ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਮਰਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਲੋਕ ਸ਼ੰਘਰਸ਼ਾਂ ਪ੍ਰਤੀ ਸਰਕਾਰਾਂ ਦੇ ਰੋਲ ਅਤੇ ਜਮਹੂਰੀ ਹੱਕਾਂ ਤੇ ਟੇਡੇ ਢੰਗ ਮਾਰੇ ਜਾ ਰਹੇ ਡਾਕੇ ਅਤੇ ਲੋਕ ਵਿਰੋਧੀ ਕਨੂੰਨਾਂ ਬਾਰੇ ਸਰਕਾਰਾਂ ਨੂੰ ਕੋਸਿਆ। ਲੋਕਾਂ ਨੂੰ ਇਨ੍ਹਾਂ ਲੋਕ ਵਿਰੋਧੀ ਕਨੂੰਨਾਂ ਵਿਰੁੱਧ ਆਪਸੀ ਸਾਂਝ ਤੇ ਏਕਤਾ ਨਾਲ ਸ਼ੰਘਰਸ਼ਾਂ ਦੇ ਮੈਦਾਨ ਵਿੱਚ ਡਟਣ ਦਾ ਸੱਦਾ ਦਿੱਤਾ। ਜਗਦੀਸ਼ ਸਿੰਘ ਲਹਿਰਾਗਾਗਾ ਅਤੇ ਜੁਗਰਾਜ ਧੌਲਾ ਨੇ ਲੋਕ ਪੱਖੀ ਗੀਤ,ਸੋਹਣ ਸਿੰਘ ਮਾਂਝੀ ਨੇ ਕਵਿਤਾ ਪੇਸ਼ ਕੀਤੀ। ਅਖੀਰ ਕੌਰ ਸਿੰਘ ਸੇਖੋਂ ਦੀ ਪਤਨੀ ਜਗਵਿੰਦਰ ਕੌਰ ਅਤੇ ਪੁੱਤਰ ਮਨਦੀਪ ਸਿੰਘ ਨੇ ਉਨ੍ਹਾਂ ਦੀ ਯਾਦ ਵਿੱਚ ਵੱਖ-ਵੱਖ ਸੰਸਥਾਵਾਂ ਨੂੰ ਦਾਨ ਭੇਟ ਕੀਤਾ। ਸਟੇਜ ਸਕੱਤਰ ਦੀ ਡਿਊਟੀ ਮਾਸਟਰ ਗੁਰਪ੍ਰੀਤ ਸਿੰਘ ਭੋਤਨਾ ਨੇ ਨਿਭਾਈ।
ਸ਼ਹੀਦ ਕਿਰਨਜੀਤ ਕੌਰ ਦੇ ਬਰਸੀ ਸਮਾਗਮ ਦੀ ਤਿਆਰੀਆਂ
ਮਹਿਲ ਕਲਾਂ: ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ 24ਵੇਂ ਬਰਸੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਨੇੜਲੇ ਪਿੰਡਾਂ ਕੁਰੜ, ਮਾਂਗੇਵਾਲ, ਠੁੱਲੀਵਾਲ ਅਤੇ ਮਨਾਲ ਵਿੱਚਲ ਸਮਾਗਮ ਕੀਤੇ ਗਏ। ਇਨ੍ਹਾਂ ਸਮਾਗਮਾਂ ਨੂੰ ਜਗਰਾਜ ਸਿੰਘ ਹਰਦਾਸਪੁਰਾ, ਗੁਰਮੇਲ ਸਿੰਘ ਠੁੱਲੀਵਾਲ, ਕੁਲਵੰਤ ਰਾਏ,ਭਾਗ ਸਿੰਘ ਕੁਰੜ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਬਰਸੀ ਸਮਾਗਮ ਕਿਸਾਨ ਸੰਘਰਸ਼ ਨੂੰ ਸਮਰਪਿਤ ਹੋਵੇਗਾ ਤੇ ਸੰਯੁਕਤ ਕਿਸਾਨ ਮੋਰਚਾ ਦੀ ਲੀਡਰਸ਼ਿਪ ਪਹੁੰਚੇਗੀ। ਪਿੰਡਾਂ ਵਿੱਚ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਵੱਲੋਂ ਤੀਰਥ ਚੜਿੱਕ ਦੀ ਨਿਰਦੇਸ਼ਨਾ ਹੇਠ ਨੁੱਕੜ ਨਾਟਕ ਪੇਸ਼ ਕੀਤੇ ਗਏ। -ਪੱਤਰ ਪ੍ਰੇਰਕ