ਪੱਤਰ ਪ੍ਰੇਰਕ
ਮਾਨਸਾ, 28 ਮਈ
ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ‘ਚੋਂ ਅੱਜ ਦਿੱਲੀ ਵਿੱਚ ਮਹਿਲਾ ਪਹਿਲਵਾਨਾਂ ਦੇ ਘੋਲ ਦੀ ਹਮਾਇਤ ‘ਚ ਜਿਹੜੇ ਜਥੇ ਰਵਾਨਾ ਹੋਏ ਸਨ, ਉਨ੍ਹਾਂ ਨੂੰ ਦਿੱਲੀ ਉਤਰਦਿਆਂ ਹੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਕਿਸਾਨ-ਮਜ਼ਦੂਰ ਆਗੂਆਂ ਨੇ ਫੋਨ ਜ਼ਰੀਏ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲੀਸ ਵੱਲੋਂ ਉਨ੍ਹਾਂ ਨੂੰ ਅਣਦੱਸੀ ਥਾਂ ‘ਤੇ ਲਿਜਾਇਆ ਜਾ ਰਿਹਾ ਹੈ। ਮਾਨਸਾ ਸਣੇ ਮਾਲਵਾ ਖੇਤਰ ਦੇ ਹੋਰਨਾਂ ਜ਼ਿਲ੍ਹਿਆਂ ‘ਚੋਂ ਗਏ ਇਨ੍ਹਾਂ ਜਥਿਆਂ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਨੇ ਫੋਨ ‘ਤੇ ਦੱਸਿਆ ਕਿ ਅੱਜ ਮਾਨਸਾ ਰੇਲਵੇ ਸਟੇਸ਼ਨ ਤੋਂ ਦਿੱਲੀ ਪੁੱਜੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਤੇ ਵਰਕਰਾਂ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਆਗੂਆਂ ਵਿੱਚ ਜਥੇਬੰਦੀ ਦੇ ਸੂਬਾਈ ਆਗੂ ਗੋਰਾ ਸਿੰਘ ਭੈਣੀਬਾਘਾ, ਗੁਰਜੰਟ ਸਿੰਘ ਮਾਨਸਾ, ਗੁਰਮੁਖ ਸਦਾ ਸਿੰਘ ਵਾਲਾ, ਅਵਤਾਰ ਸਿੰਘ ਨੰਬਰਦਾਰ, ਦਰਸ਼ਨ ਸਿੰਘ ਬੁਰਜ ਹਰੀ ਔਰਤ ਆਗੂ ਕੁਲਵੀਰ ਕੌਰ ਸਦਾ ਸਿੰਘ ਵਾਲਾ, ਬੰਤ ਕੌਰ ਬੁਰਜ ਹਰੀ, ਜਸਵੀਰ ਕੌਰ ਬੁਰਜ ਹਰੀ, ਰਾਜਵਿੰਦਰ ਕੌਰ ਮਾਨਸਾ, ਭੂਰੋ ਕੌਰ ਬੁਰਜ ਹਰੀ, ਮਨਜੀਤ ਕੌਰ ਬੁਰਜ ਹਰੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲੀਸ ਬੱਸ ਰਾਹੀਂ ਇਨ੍ਹਾਂ ਨੂੰ ਕਿਸੇ ਅਣਦੱਸੀ ਥਾਂ ਲੈ ਗਈ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਧਰਨਾ ਦੇ ਰਹੇ ਪਹਿਲਵਾਨਾਂ ਅਤੇ ਸੰਘਰਸ਼ ਦੇ ਸਮਰਥਕਾਂ ਦੀ ਗ੍ਰਿਫ਼ਤਾਰੀ ਦੀ ਇਨਕਲਾਬੀ ਕੇਂਦਰ ਪੰਜਾਬ ਨੇ ਸਖ਼ਤ ਨਿਖੇਧੀ ਕੀਤੀ ਹੈ। ਕੇਂਦਰ ਦੇ ਸੂਬਾਈ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾ ਮੁਹੱਬਤ ਅਤੇ ਮੁਖਤਿਆਰ ਸਿੰਘ ਪੂਹਲਾ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸੰਘਰਸ਼ ਦੀ ਹਮਾਇਤ ਵਿੱਚ ਧੜੱਲੇ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ।
ਮਹਿਲਾਵਾਂ ਤੇ ਕਿਸਾਨਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ
ਸਿਰਸਾ (ਪ੍ਰਭੂ ਦਿਆਲ): ਦਿੱਲੀ ਜੰਤਰ ਮੰਤਰ ‘ਤੇ ਧਰਨਾ ਦੇ ਰਹੇ ਪਹਿਲਵਾਨਾਂ ਤੇ ਉਨ੍ਹਾਂ ਦੀ ਹਮਾਇਤ ਵਿੱਚ ਦਿੱਲੀ ਜਾਣ ਵਾਲੇ ਲੋਕਾਂ ਨੂੰ ਪੁਲੀਸ ਵੱਲੋਂ ਜਬਰੀ ਰੋਕਣ ਤੇ ਗ੍ਰਿਫ਼ਤਾਰ ਕੀਤੇ ਜਾਣ ਦੀ ਚਹੁੰ ਪਾਸਿਓਂ ਨਿਖੇਧੀ ਕੀਤੀ ਜਾ ਰਹੀ ਹੈ। ਪਹਿਲਵਾਨਾਂ ਦੀ ਹਮਾਇਤ ‘ਚ ਮਹਿਲਾਵਾਂ ਸਣੇ ਅਨੇਕਾਂ ਜਥੇਬੰਦੀਆਂ ਮੈਦਾਨ ‘ਚ ਨਿੱਤਰ ਆਈਆਂ ਸਨ ਜਿਨ੍ਹਾਂ ਨੂੰ ਪੁਲੀਸ ਨੇ ਦਿੱਲੀ ਜਾਣ ਤੋਂ ਜਬਰੀ ਰੋਕ ਲਿਆ। ਨਵੀਂ ਬਣੀ ਸੰਸਦ ਅਗੇ ਮਹਾਪੰਚਾਇਤ ਕਰਨ ਜਾਂਦੇ ਲੋਕਾਂ ਨੂੰ ਪੁਲੀਸ ਵੱਲੋਂ ਜਬਰੀ ਰੋਕਣ ਤੇ ਗਿ੍ਰਫ਼ਤਾਰ ਕੀਤੇ ਜਾਣ ਦੀ ਵੱਖ-ਵੱਖ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ। ਜਨਵਾਦੀ ਮਹਿਲਾ ਸਮਿਤੀ, ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਚਡੂਨੀ) ਨੇ ਕੇਂਦਰ ‘ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ। ਜਨਵਾਦੀ ਮਹਿਲਾ ਸਮਿਤੀ ਦੀ ਜ਼ਿਲ੍ਹਾ ਸਕੱਤਰ ਬਲਬੀਰ ਕੌਰ ਗਾਂਧੀ ਨੇ ਦੱਸਿਆ ਕਿ ਦਿੱਲੀ ਨਵੇਂ ਸੰਸਦ ਭਵਨ ਅੱਗੇ ਹੋਣ ਵਾਲੀ ਮਹਿਲਾ ਪੰਚਾਇਤ ਲਈ ਮਹਿਲਾਵਾਂ ਦੇ ਅਨੇਕਾਂ ਜਥੇ ਵੱਖ-ਵੱਖ ਥਾਵਾਂ ਤੋਂ ਰਵਾਨਾ ਹੋਏ ਪਰ ਪੁਲੀਸ ਨੇ ਅਨੇਕਾਂ ਥਾਵਾਂ ‘ਤੇ ਜਬਰੀ ਰੋਕ ਲਿਆ।