ਬਲਜੀਤ ਸਿੰਘ
ਸਰਦੂਲਗੜ੍ਹ, 31 ਅਕਤੂਬਰ
ਹਰ ਸਾਲ ਅੱਧੇ ਪੰਜਾਬ ਤੱਕ ਨਰਮੇ ਦੀਆਂ ਛਟੀਆਂ ਦਾ ਬਾਲਣ ਦੇਣ ਵਾਲਾ ਮਾਨਸਾ ਜ਼ਿਲ੍ਹਾ ਇਸ ਵਾਰ ਆਪਣੇ ਚੁੱਲ੍ਹੇ ਬਾਲਣ ਜੋਗਾ ਵੀ ਨਹੀਂ ਰਿਹਾ। ਨਰਮੇ ਦੀ ਫਸਲ ਦੀ ਤਬਾਹੀ ਕਾਰਨ ਇਸ ਵਾਰ ਬਾਲਣ ਦੀ ਵੀ ਵੱਡੀ ਘਾਟ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਪਿਛਲੇ ਸਾਲਾਂ ਦੌਰਾਨ ਜਿੱਥੇ ਇਨ੍ਹੀਂ ਦਿਨੀਂ ਖੇਤਾਂ ਵਿੱਚੋਂ ਨਰਮੇ ਦੀਆਂ ਛਟੀਆਂ ਨਾਲ ਭਰੀਆਂ ਟਰਾਲੀਆਂ ਸੜਕਾਂ ਤੇ ਪਿੰਡਾਂ ਦੀਆਂ ਫਿਰਨੀਆਂ ਵੀ ਬੰਦ ਕਰ ਦਿੰਦੀਆਂ ਸਨ ਉੱਥੇ ਇਸ ਵਾਰ ਇੱਕਾ ਦੁੱਕਾ ਟਰਾਲੀ ਹੀ ਨਜ਼ਰੀ ਪੈ ਰਹੀ ਹੈ। ਭਾਵੇਂ ਕਣਕ ਦੀ ਬਿਜਾਈ ਲਈ ਕਿਸਾਨਾਂ ਨੇ ਨਰਮੇ ਵਾਲੇ ਖੇਤ ਵਿਹਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਪਰ ਨਰਮੇ ਦੀ ਮੰਦੀ ਫਸਲ ਕਾਰਨ ਵੱਡੇ ਪੱਧਰ ’ਤੇ ਬਾਲਣ ਲਈ ਵਰਤੀਆਂ ਜਾਂਦੀਆਂ ਨਰਮੇ ਦੀਆਂ ਛਟੀਆਂ ਜੁੜ ਨਹੀਂ ਰਹੀਆਂ। ਪਿੰਡ ਜਟਾਣਾ ਖੁਰਦ ਦੇ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਇੱਕ ਏਕੜ ਵਿੱਚ ਦੋ ਟਰਾਲੀਆਂ ਛਟੀਆਂ ਨਾਲ ਭਰੀਆਂ ਜਾਂਦੀਆਂ ਸਨ ਜਦ ਕਿ ਇਸ ਵਾਰ ਚਾਰ ਏਕੜ ਵਿੱਚੋਂ ਵੀ ਇੱਕ ਟਰਾਲੀ ਨਹੀਂ ਭਰਦੀ। ਉਨ੍ਹਾਂ ਦੱਸਿਆ ਇਸ ਵਾਰ ਕਿਸਾਨ ਪਰਿਵਾਰਾਂ ਦਾ ਆਪਣਾ ਵੀ ਨਹੀਂ ਸਰਨਾ ਮਜ਼ਦੂਰ ਪਰਿਵਾਰਾਂ ਦੀ ਮਦਦ ਤਾਂ ਕਿੱਥੇ ਹੋਣੀ ਹੈ। ਪਿੰਡ ਹੀਰਕੇ ਦੇ ਤੋਤਾ ਸਿੰਘ ਨੇ ਦੱਸਿਆ ਕਿ ਨਰਮੇ ਦੀਆਂ ਛਟੀਆਂ ਕੜਾਕੇ ਦੀਆਂ ਸਰਦੀਆਂ ਦੌਰਾਨ ਗਰੀਬ ਪਰਿਵਾਰਾਂ ਦੇ ਚੁੱਲ੍ਹੇ ਵੀ ਤਪਾਈਂ ਰੱਖਦੀਆਂ ਸਨ ਤੇ ਉਨ੍ਹਾਂ ਦੇ ਹੱਡ ਵੀ ਨਿੱਘੇ ਕਰਦੀਆਂ ਸਨ। ਉਨ੍ਹਾਂ ਦੱਸਿਆ ਇਸ ਵਾਰ ਨਰਮੇ ਦੀ ਖੇਤੀ ਨੇ ਕਿਸਾਨ ਖਰਚੇ ਪੱਖੋਂ ਵੀ ਮਾਰ ਦਿੱਤੇ ਹਨ ਤੇ ਬਾਲਣ ਲਈ ਵਰਤੀ ਜਾਂਦੀ ਰਹਿੰਦ ਖੂੰਹਦ ਵੀ ਨਹੀਂ ਜੁੜੀ। ਪਿੰਡ ਰਾਮਾਨੰਦੀ ਦੇ ਕਿਸਾਨ ਗਮਦੂਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਅੱਧੇ ਪੰਜਾਬ ਦੀਆਂ ਦੂਰ-ਨੇੜੇ ਦੀਆਂ ਰਿਸ਼ਤੇਦਾਰੀਆਂ ਵੀ ਮਾਨਸਾ-ਬਠਿੰਡਾ ਜ਼ਿਲ੍ਹੇ ਦੀਆਂ ਛਟੀਆਂ ਦਾ ਨਿੱਘ ਮਾਣਦੀਆਂ ਰਹੀਆਂ ਹਨ ਤੇ ਵਪਾਰੀ ਵੀ ਛਟੀਆਂ ਜਮਾਂ ਕਰਕੇ ਮੋਟੇ ਮੁਨਾਫੇ ਕਮਾਉਂਦੇ ਰਹੇ ਹਨ ਪਰ ਇਸ ਵਾਰ ਸਭ ਖਾਲੀ ਹੀ ਰਹਿਣਗੇ। ਕਿਸਾਨਾਂ ਨੇ ਦੱਸਿਆ ਕਿ ਨਰਮੇ ਦੀਆਂ ਛਟੀਆਂ ਦੇ ਬਾਲਣ ਦੀ ਘਾਟ ਕਾਰਨ ਸੜਕਾਂ ਕਿਨਾਰੇ ਲੱਗੇ ਸਰਕਾਰੀ ਮਾਲਕੀ ਵਾਲੇ ਦਰਖਤਾਂ ਦੀ ਚੋਰੀ ਵੱਡੇ ਪੱਧਰ ’ਤੇ ਹੋਣ ਦਾ ਵੀ ਡਰ ਹੈ।