ਬਰਨਾਲਾ (ਰਵਿੰਦਰ ਰਵੀ): ਇੱਥੋਂ ਦੀ ਗੋਬਿੰਦ ਕਲੋਨੀ ਦੀ 7 ਨੰਬਰ ਗਲੀ ਵਿੱਚ ਸਥਿਤ ਧਰਮਪਾਲ ਦੇ ਮਕਾਨ ਵਿੱਚ ਰਾਤ ਚੋਰਾਂ ਨੇ ਗਹਿਣਿਆਂ, ਨਕਦੀ ਤੇ ਸਕੂਟਰੀ ’ਤੇ ਹੱਥ ਸਾਫ਼ ਕਰ ਲਿਆ। ਮਕਾਨ ਮਾਲਕ ਅਨੁਸਾਰ ਚੋਰ 8 ਤੋਲੇ ਸੋਨਾ, 5 ਤੋਲੇ ਚਾਂਦੀ, 15 ਹਜ਼ਾਰ ਰੁਪਏ ਅਤੇ ਇੱਕ ਸਕੂਟੀ ਲੈ ਗਏ। ਜਿਸ ਕਮਰੇ ਵਿੱਚ ਪਰਿਵਾਰ ਦੇ ਸਾਰੇ 5 ਜੀਅ ਸੁੱਤੇ ਹੋਏ ਸਨ ਉਸ ਵਿੱਚ ਹੀ ਇਹ ਚੋਰੀ ਹੋਈ ਹੈ। ਇਸ ਸਬੰਧੀ ਥਾਣਾ ਸਿਟੀ ਇੰਚਾਰਜ ਬਲਜੀਤ ਸਿੰਘ ਨੇ ਦਾਅਵਾ ਕੀਤਾ ਕਿ ਚੋਰਾਂ ਦੀ ਪੈੜ ਨੱਪ ਲਈ ਗਈ ਹੈ। ਜਲਦ ਹੀ ਪੁਲੀਸ ਵੱਲੋਂ ਚੋਰੀ ਦੀ ਘਟਨਾ ਦਾ ਖੁਲਾਸਾ ਕਰ ਦਿੱਤਾ ਜਾਵੇਗਾ।