ਗਿੱਦੜਬਾਹਾ: ਇਥੇ ਪਿੰਡ ਫਕਰਸਰ ਦੇ ਦਰਪਣ ਇੰਟਰਨੈਸ਼ਨਲ ਸਕੂਲ ਵਿੱਚ ਬੀਤੀ ਰਾਤ ਚੋਰਾਂ ਨੇ ਸੰਨ੍ਹ ਲਗਾ ਕੇ ਸਕੂਲ ਦੇ ਦਫਤਰ ਵਿੱਚ ਪਿਆ ਕੀਮਤੀ ਸਾਮਾਨ ਚੋਰੀ ਕਰ ਲਿਆ ਅਤੇ ਚੋਰ ਜਾਂਦੇ ਜਾਂਦੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ। ਸਕੂਲ਼ ਦੇ ਪ੍ਰਿੰਸੀਪਲ ਗੌਰਵ ਸੇਠੀ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਉਨ੍ਹਾਂ ਦੇ ਦਫਤਰ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ, ਫ਼ਿਰ ਉਹ ਜੰਗਲੇ ਦੀ ਖਿੜਕੀ ਦੀ ਜਾਲੀ ਕੱਟ ਕੇ ਦਫਤਰ ਅੰਦਰ ਦਾਖਲ ਹੋ ਗਏ। ਜਿਥੇ ਉਨ੍ਹਾਂ ਦਫਤਰ ਦੀ ਅਲਮਾਰੀ ਦਾ ਤਾਲਾ ਤੋੜ ਕੇ ਉਸ ਵਿੱਚ ਪਿਆ ਲੈਪਟਾਪ, ਪ੍ਰਿੰਟਰ, ਇੱਕ ਸੀਪੀਯੂ, ਦੋ ਸੀਸੀਟੀਵੀ ਕੈਮਰੇ ਅਤੇ ਉਨ੍ਹਾ ਦੀ ਡੀਵੀ ਆਰ ਵੀ ਨਾਲ ਲੈ ਗਏ। ਸ੍ਰੀ ਸੇਠੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰੀ ਦੀ ਸੂਚਨਾ ਥਾਣਾ ਗਿੱਦੜਬਾਹਾ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਸਾਮਾਨ ਦੀ ਰਿਕਵਰੀ ਕਰਨ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ