ਭੁੱਚੋ ਮੰਡੀ (ਪਵਨ ਗੋਇਲ): ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੇ ਪੱਕੀ ਭਰਤੀ ਦੀ ਮੰਗ ਲਈ ਕਾਲੀ ਦੀਵਾਲੀ ਮਨਾਉਂਦਿਆਂ ਥਰਮਲ ਦੇ ਮੁੱਖ ਗੇਟ ਅੱਗੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਆਪਣੇ ਘਰਾਂ ਉੱਪਰ ਕਾਲੇ ਝੰਡੇ ਲਹਿਰਾਏ। ਉਨ੍ਹਾਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚੋਂ ਕੰਪਨੀਆਂ ਨੂੰ ਬਾਹਰ ਕਰ ਕੇ ਸਾਰੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਵਿਭਾਗਾਂ ਵਿੱਚ ਪੱਕਾ ਕੀਤਾ ਜਾਵੇ ਅਤੇ ਸਰਕਾਰੀ ਵਿਭਾਗਾਂ ਦੀ ਨਿੱਜੀਕਰਨ ਨੀਤੀ ਖ਼ਤਮ ਕੀਤੀ ਜਾਵੇ। ਇਸ ਮੌਕੇ ਮੋਰਚੇ ਦੇ ਸੂਬਾਈ ਆਗੂ ਜਗਰੂਪ ਸਿੰਘ, ਜਗਸੀਰ ਸਿੰਘ ਭੰਗੂ, ਬਾਦਲ ਸਿੰਘ ਭੁੱਲਰ, ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਦੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਦੀਆਂ ਲੰਬੀਆਂ ਸੇਵਾਵਾਂ ਨੂੰ ਅੱਖੋਂ-ਪਰੋਖੇ ਕਰ ਕੇ ਉਨ੍ਹਾਂ ਨੂੰ ਵਿਭਾਗਾਂ ਵਿੱਚ ਪੱਕਾ ਨਹੀਂ ਕੀਤਾ ਜਾ ਰਿਹਾ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੇ ਰਾਹ ’ਤੇ ਤੁਰੀ ਹੋਈ ਹੈ। ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਬਜਾਇ ਬਾਹਰੋਂ ਨਵੀਂ ਸਿੱਧੀ ਭਰਤੀ ਕਰ ਕੇ ਉਲਟਾ ਠੇਕਾ ਮੁਲਾਜ਼ਮਾਂ ਦੀ ਛਾਂਟੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਮਹਿੰਗਾਈ ਆਸਮਾਨੀ ਚੜ੍ਹ ਗਈ ਹੈ। ਇਸ ਦੇ ਬਾਵਜੂਦ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਬਣਦਾ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹਿਮਾਚਲ ਅਤੇ ਗੁਜਰਾਤ ਵਿੱਚ ਵੋਟਾਂ ਬਟੋਰਨ ਲਈ ਪੰਜਾਬ ਦੇ ਪੀੜਿਤ ਆਊਟਸੋਰਸਡ ਠੇਕਾ ਮੁਲਾਜ਼ਮਾਂ ਦੇ ਸਬੰਧ ਵਿੱਚ ਮਗਰਮੱਛ ਦੇ ਹੰਝੂ ਕੇਰ ਰਹੇ ਹਨ, ਜਦੋਂ ਕਿ ‘ਆਪ’ ਸਰਕਾਰ ਨੇ ਪੰਜਾਬ ਵਿੱਚ ਠੇਕਾ ਮੁਲਾਜ਼ਮਾਂ ਦੀ ਸਾਰ ਤੱਕ ਨਹੀਂ ਲਈ। ਇਸ ਮੌਕੇ ਸਮੂਹ ਠੇਕਾ ਮੁਲਾਜ਼ਮ ਹਾਜ਼ਰ ਸਨ।