ਜਗਤਾਰ ਅਨਜਾਣ
ਮੌੜ ਮੰਡੀ, 17 ਸਤੰਬਰ
ਥਾਣਾ ਮੌੜ ਵਿੱਚ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਦੀ ਸ਼ਿਕਾਇਤ ’ਤੇ ਦਰਜ ਕੀਤੇ ਨਾਜਾਇਜ਼ ਮਾਈਨਿੰਗ ਦੇ ਪਰਚੇ ਨੂੰ ਰੱਦ ਕਰਵਾਉਣ ਲਈ ਕਿਸਾਨ ਹੁਣ ਆਰਪਾਰ ਦੀ ਲੜਾਈ ਲੜਨ ਦੇ ਰੌਂਅ ਵਿੱਚ ਲੱਗ ਰਹੇ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 19 ਸਤੰਬਰ ਤੋਂ ਥਾਣਾ ਮੌੜ ਅੱਗੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਸਵੀਰ ਸਿੰਘ ਤੇ ਸਿਕੰਦਰ ਸਿੰਘ ਘੁੰਮਣ ਨੇ ਦੱਸਿਆ ਹੈ ਕਿ ਧਰਨੇ ਦੀ ਤਿਆਰੀ ਵਜੋਂ ਅੱਜ ਜ਼ਿਲ੍ਹੇ ਦੀ ਮੀਟਿੰਗ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਤਿਤਰਸਰ ਸਾਹਿਬ ਵਿੱਚ ਕੀਤੀ ਗਈ। ਮੀਟਿੰਗ ਦੌਰਾਨ ਬਸੰਤ ਸਿੰਘ ਕੋਠਾਗੁਰੂ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਜਿੱਥੇ ਅੱਜ ਤੋਂ ਹੀ ਪਿੰਡਾਂ ’ਚ ਮੋਰਚੇ ਲਗਾਉਣ ਬਾਰੇ ਹੋਕਾ ਦਿੱਤਾ ਜਾਵੇਗਾ, ਉੱਥੇ ਧਰਨੇ ਦੀ ਤਿਆਰੀ ਲਈ 18 ਸਤੰਬਰ ਤੋਂ ਸਾਰੇ ਪਿੰਡਾਂ ਵਿੱਚ ਹੋਕਾ ਮਾਰਚ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ 14 ਸਤੰਬਰ ਨੂੰ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਪਿੰਡ ’ਚ ਟਰੈਕਟਰ ਮਾਰਚ ਕਰਨ ਦੀ ਤਿਆਰੀ ’ਚ ਜੁਟੇ ਕਿਸਾਨਾਂ ਕੋਲ ਪਹੁੰਚ ਕੇ ਐੱਸਐੱਸਪੀ ਬਠਿੰਡਾ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ 16 ਸਤੰਬਰ ਨੂੰ ਡੀਸੀ ਦਫ਼ਤਰ ਬਠਿੰਡਾ ਵਿੱਚ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੀਟਿੰਗ ਤਾਂ ਰੱਖੀ ਗਈ ਪਰ ਮੀਟਿੰਗ ਦੌਰਾਨ ਹਲਕਾ ਵਿਧਾਇਕ ਵੱਲੋਂ ਪਰਚੇ ਰੱਦ ਕਰਾਉਣ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ ਸੀ। ਮਸਲਾ ਹੱਲ ਨਾ ਹੋਣ ’ਤੇ ਕਿਸਾਨਾਂ ਨੇ ਹੁਣ 19 ਸਤੰਬਰ ਤੋਂ ਥਾਣਾ ਘੇਰਨ ਅਤੇ ਪੱਕਾ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ।
ਬਰਨਾਲਾ (ਰਵਿੰਦਰ ਰਵੀ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਬਰਨਾਲਾ ਵੱਲੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਦੀ ਪ੍ਰਬੰਧਕੀ ਕਮੇਟੀ ਖ਼ਿਲਾਫ਼ ਮੋਰਚਾ ਜਾਰੀ ਹੈ। ਪਿੰਡ ਇਕਾਈਆਂ ਵੱਲੋਂ ਪੰਜਾਬ ਸਰਕਾਰ ਤੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਗੁਨਇੰਦਰਜੀਤ ਸਿੰਘ ਜਵੰਦਾ ਦੀਆਂ ਅਰਥੀਆਂ ਪਿੰਡ ਬਡਬਰ, ਭੈਣੀ ਮਹਿਰਾਜ, ਸੇਖਾ, ਰੂੜੇਕੇ ਕਲਾਂ ਅਤੇ ਕੁੱਝ ਹੋਰ ਪਿੰਡਾਂ ਵਿੱਚ ਫੂਕੀਆਂ ਗਈਆਂ। ਇਸ ਸਕੂਲ ਦਾ ਪ੍ਰਬੰਧ ਨਿੱਜੀ ਭਾਈਵਾਲ ਅਧੀਨ ਚਲਾ ਰਹੀ ਪ੍ਰਬੰਧਕੀ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਬਰੀ ਸੇਵਾਵਾਂ ਤੋਂ ਫਾਰਗ ਕੀਤੇ ਗਏ ਕਰਮਚਾਰੀਆਂ ਬਾਰੇ ਕੋਈ ਸਾਰਥਿਕ ਹੱਲ ਨਹੀਂ ਕੱਢਿਆ ਗਿਆ। ਮੀਟਿੰਗ ’ਚ ਆਗੂਆਂ ਨੇ ਕਿਹਾ ਕਿ 19 ਸਤੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਧਰਨਾ ਦਿੰਤਾ ਜਾਵੇਗਾ।