ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਗਸਤ
ਮਾਲਵਾ ਖੇਤਰ ਵਿੱਚ ਢੋਆ-ਢੋਆਈ ਦੇ ਟੈਂਡਰ ਵੱਡੇ ਘਰਾਂ ਨੂੰ ਦੇਣ ਦੀ ਥਾਂ ਇਸ ਖੇਤਰ ਦੀਆਂ ਟਰੱਕ ਯੂਨੀਅਨਾਂ ਨੂੰ ਦੇਣ ਦੀ ਮੰਗ ਜ਼ੋਰਦਾਰ ਢੰਗ ਨਾਲ ਉੱਠਣ ਲੱਗੀ ਹੈ। ਮਾਨਸਾ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ’ਤੇ ਇਹ ਟੈਂਡਰ ਨਿੱਜੀ ਤੌਰ ’ਤੇ ਠੇਕੇਦਾਰਾਂ ਨੂੰ ਦੇਣ ਦੀ ਥਾਂ ਟਰੱਕਾਂ ਦਾ ਕਾਰੋਬਾਰ ਕਰਨ ਵਾਲੇ ਅਪਰੇਟਰਾਂ ਨੂੰ ਦੇਣ ਲਈ ਦਬਾਅ ਪੈਣ ਲੱਗਿਆ ਹੈ।
ਜ਼ਿਕਰਯੋਗ ਹੈ ਕਿ ਹਰ ਸਾਲ ਝੋਨੇ ਅਤੇ ਕਣਕ ਦੇ ਸੀਜ਼ਨ ਦੌਰਾਨ ਇਹ ਟੈਂਡਰ ਹੁੰਦੇ ਹਨ, ਜਿਸ ਦੌਰਾਨ ਜਿਣਸ ਨੂੰ ਖਰੀਦ ਕੇਂਦਰਾਂ ਅਤੇ ਅਨਾਜ ਮੰਡੀਆਂ ’ਚੋਂ ਢੋਹਣ ਲਈ ਖੁਰਾਕ ਸਪਲਾਈ ਵਿਭਾਗ ਵੱਲੋਂ ਇਹ ਟੈਂਡਰ ਹੁੰਦੇ ਹਨ। ਅਕਸਰ ਇਨ੍ਹਾਂ ਟੈਂਡਰਾਂ ਨੂੰ ਵੱਡੇ ਘਰਾਂ ਵੱਲੋਂ ਲਿਆ ਜਾਂਦਾ ਰਿਹਾ ਹੈ। ਉਪਰੰਤ ਉਹ ਟਰੱਕਾਂ ਵਾਲਿਆਂ ਨੂੰ ਮਨਮਰਜ਼ੀ ਦਾ ਰੇਟ ਦੇ ਕੇ ਖੂਬ ਕਮਾਈ ਕਰਦੇ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਅੱਜ ਟਰੱਕ ਯੂਨੀਅਨ ਮਾਨਸਾ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ ਨੇ ਹਮੇਸ਼ਾ ਟੈਂਡਰ ਲੈਣ ਵਾਲੇ ਠੇਕੇਦਾਰਾਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਹੁਣ ਟਰੱਕ ਯੂਨੀਅਨ ਵੱਲੋਂ ਟੈਂਡਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਰ ਨੇ ਟੈਂਡਰ ਲੈ ਕੇ ਟਰੱਕਾਂ ਵਾਲਿਆਂ ਦੇ ਰੁਜ਼ਗਾਰ ਨੂੰ ਖੋਹਣ ਦਾ ਯਤਨ ਕੀਤਾ ਤਾਂ ਉਸ ਦਾ ਯੂਨੀਅਨ ਵੱਲੋਂ ਵਿਰੋਧ ਕਰ ਕੇ ਟਰੱਕ ਨਹੀਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਟਰੱਕ ਯੂਨੀਅਨ ਖੁਦ ਟੈਂਡਰ ਭਰੇਗੀ। ਇਸ ਮੌਕੇ ਬੂਟਾ ਸਿੰਘ, ਮਨਜੀਤ ਵੈਦ, ਬਸੰਤ, ਛਿੰਦੀ, ਜਗਤਾਰ ਸਿੰਘ, ਹਰਪਾਲ ਹੈਪੀ, ਕ੍ਰਿਸ਼ਨ, ਦੀਪੀ, ਸੁਖਦੇਵ ਸਿੰਘ ਆਦਿ ਟਰੱਕ ਅਪਰੇਟਰ ਮੌਜੂਦ ਸਨ।
ਮਾਨਸਾ ਦੇ ਵਿਧਾਇਕਾਂ ਨੇ ਟਰੱਕ ਅਪਰੇਟਰਾਂ ਨੂੰ ਇਨਸਾਫ਼ ਦਿਵਾਉਣ ਦਾ ਕੀਤਾ ਦਾਅਵਾ
ਆਮ ਆਦਮੀ ਪਾਰਟੀ ਦੇ ਮਾਨਸਾ ਜ਼ਿਲ੍ਹੇ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਬਣਾਂਵਾਲੀ (ਸਰਦੂਲਗੜ੍ਹ) ਅਤੇ ਪ੍ਰਿੰਸੀਪਲ ਬੁੱਧਰਾਮ (ਬੁਢਲਾਡਾ) ਨੇ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਬਰੇਟਾ, ਬੋਹਾ, ਭੀਖੀ ਵਿੱਚ ਟਰੱਕ ਯੂਨੀਅਨਾਂ ਦੇ ਮਾਮਲੇ ਵਿੱਚ ਪਾਰਟੀ ਵੱਲੋਂ ਕਿਸੇ ਕਿਸਮ ਦੀ ਦਖ਼ਲਅੰਦਾਜ਼ੀ ਨਹੀਂ ਕੀਤੀ ਜਾ ਰਹੀ ਹੈ। ਅਜਿਹੀ ਦਖ਼ਲਅੰਦਾਜ਼ੀ ਇਸ ਤੋਂ ਪਹਿਲਾਂ ਅਕਾਲੀਆਂ ਅਤੇ ਕਾਂਗਰਸੀਆਂ ਦੇ ਰਾਜ ਦੌਰਾਨ ਹੁੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਟਰੱਕਾਂ ਆਸਰੇ ਪਰਿਵਾਰ ਪਾਲਣ ਵਾਲੇ ਲੋਕਾਂ ਨਾਲ ਹੁਣ ਸਰਕਾਰ ਵੱਲੋਂ ਕੋਈ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।