ਪੱਤਰ ਪ੍ਰੇਰਕ
ਟੱਲੇਵਾਲ, 9 ਅਪਰੈਲ
ਪੰਜਾਬ ਵਿੱਚ ਸੱਤਾ ਪਰਿਵਰਤਨ ਨਾਲ ਹੁਣ ਸੂਬੇ ਦੇ ਲੋਕਾਂ ਨੂੰ ਖਾਸ ਉਮੀਦਾਂ ਜਾਗੀਆਂ ਹਨ। ਖਾਸ ਕਰਕੇ ਪ੍ਰਸ਼ਾਸਨਿਕ ਪੱਧਰ ਤੇ ਮਿਲਦੀਆਂ ਸੇਵਾਵਾਂ ਵਿੱਚ ਸੌਖ ਮਿਲਣ ਦੀ ਆਸ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਹਿਲਾਂ ਹੀ ਸੇਵਾ ਕੇਂਦਰਾਂ ਨੂੰ ਹਫ਼ਤੇ ਦੇੇ ਸੱਤੇ ਦਿਨ ਖੁੱਲ੍ਹੇ ਰੱਖਣ ਦਾ ਐਲਾਨ ਕੀਤਾ ਹੈ, ਪਰ ਪਿੰਡਾਂ ਵਿੱਚ ਖੁੱਲ੍ਹੇ ਬਹੁਤੇ ਸੇਵਾ ਕੇਂਦਰ ਬੰਦ ਹਨ ਅਤੇ ਸਰਕਾਰ ਦੀ ਨੀਤੀ ਲੋਕਾਂ ਨੂੰ ਗਲੀ ਮੁਹੱਲਿਆਂ ਵਿੱਚ ਸੇਵਾਵਾਂ ਦੇਣ ਦੀ ਹੈ। ਇਸ ਕਰਕੇ ਬੰਦ ਪਏ ਸੇਵਾ ਕੇਂਦਰਾਂ ਦੇ ਖੁੱਲ੍ਹਣ ਦੀ ਮੰਗ ਉਠਣ ਦੇ ਨਾਲ ਨਾਲ ਆਸ ਵੀ ਜਾਗੀ ਹੈ। ਬਰਨਾਲਾ ਜ਼ਿਲ੍ਹੇ ਵਿੱਚ ਅਕਾਲੀ-ਭਾਜਪਾ ਸਰਕਾਰ ਵਲੋਂ 2016 ਵਿੱਚ 51 ਸੇਵਾ ਕੇਂਦਰ ਖੋਲ੍ਹੇ ਗਏ ਸਨ। ਇਨ੍ਹਾਂ ਵਿੱਚੋਂ ਬਹੁ ਗਿਣਤੀ ਸੇਵਾ ਕੇਂਦਰ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੇ। ਮੌਜੂਦਾ ਸਮੇਂ ਵਿੱਚ ਸਿਰਫ਼ 13 ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਸੇਵਾਵਾਂ ਮਿਲ ਰਹੀਆਂ ਹਨ। ਇਹ ਚਾਲੂ ਸੇਵਾ ਕੇਂਦਰਾਂ ਵਿੱਚ ਟਾਈਪ ਵਨ ਦਾ ਇੱਕ ਕੇਂਦਰ ਬਰਨਾਲਾ ਦੇ ਜ਼ਿਲ੍ਹਾ ਪੱਧਰ ’ਤੇ ਚੱਲ ਰਿਹਾ ਹੈ। ਜਦਕਿ ਟਾਈਪ-2 ਦੇ ਭਦੌੜ, ਮਹਿਲ ਕਲਾਂ, ਧਨੌਲਾ, ਬਰਨਾਲਾ, ਤਪਾ ਮੰਡੀ ਵਿਖੇ 8 ਸੇਵਾ ਕੇਂਦਰ ਹਨ। ਜਦਕਿ ਟਾਈਪ-3 ਦੇ 4 ਸੇਵਾ ਕੇਂਦਰ ਪਿੰਡਾਂ ਵਿੱਚ ਚੱਲ ਰਹੇ ਹਨ। ਼ਿਕਰਯੋਗ ਹੈ ਕਿ ਇਹ ਸੇਵਾ ਕੇਂਦਰ ਸੂਬਾ ਸਰਕਾਰ ਰਾਹੀਂ ਬੀਐਲਸੀ ਨਾਮ ਦੀ ਕੰਪਨੀ ਵਲੋਂ ਚਲਾਏ ਜਾ ਰਹੇ ਹਨ। ਸਰਕਾਰ ਵੱਲੋਂ 7 ਦਿਨ ਸੇਵਾ ਕੇਂਦਰ ਖੋਲ੍ਹੇ ਜਾਣ ਦੇ ਹੁਕਮਾਂ ਕਾਰਨ ਵੀ ਇਨ੍ਹਾਂ ਮੁਲਾਜ਼ਮਾਂ ’ਤੇ ਵੱਡਾ ਕੰਮ ਦਾ ਭਾਰ ਵਧ ਗਿਆ ਹੈ। ਇਸ ਸਬੰਧੀ ਆਜ਼ਾਦ ਸਪੋਰਟਸ ਕਲੱਬ ਚੀਮਾ ਦੇ ਪ੍ਰਧਾਨ ਜੀਵਨ ਸਿੰਘ ਧਾਲੀਵਾਲ ਅਤੇ ਲਖਵਿੰਦਰ ਸਿੰਘ ਸੀਰਾ ਨੇ ਕਿਹਾ ਕਿ ਪਿੰਡਾਂ ਵਿੱਚ ਬੰਦ ਕੀਤੇ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਜਿਉਂ ਦੀ ਤਿਉਂ ਬਰਕਰਾਰ ਹਨ ਅਤੇ ਖਸਤਾ ਬਣ ਰਹੀਆਂ ਹਨ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਸੇਵਾ ਕੇਂਦਰਾਂ ਵਿੱਚ ਹੁੰਦੀ ਖੱਜਲ ਖੁਆਰੀ ਬੰਦ ਕਰਨ ਲਈ ਪਿੰਡਾਂ ਦੇ ਸੇਵਾ ਕੇਂਦਰਾਂ ਨੂੰ ਜਲਦੀ ਖੋਲ੍ਹਿਆ ਜਾਵੇ।