ਪੱਤਰ ਪ੍ਰੇਰਕ
ਗਿੱਦੜਬਾਹਾ, 13 ਫਰਵਰੀ
ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕੋਲ ਚੋਣ ਪ੍ਰਚਾਰ ਲਈ ਕੋਈ ਮੁੱਦਾ ਨਹੀਂ ਹੈ, ਇਹ ਪਾਰਟੀਆਂ ਸਿਰਫ਼ ਕਾਂਗਰਸ ਨੂੰ ਬਦਨਾਮ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਪਣਾਉਣ ਵਿੱਚ ਲੱਗੀਆਂ ਹੋਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਿੱਦੜਬਾਹਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹਿਰ ਅੰਦਰ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਉਹ ਵਿਅਕਤੀ ਕਾਂਗਰਸ ਪਾਰਟੀ ਨੂੰ ਬੁਰਾ ਕਹਿ ਰਹੇ ਹਨ, ਜਿਨ੍ਹਾਂ ਨੇ ਕਾਂਗਰਸ ਵਿੱਚ ਰਹਿੰਦਿਆਂ ਲੰਮਾਂ ਸਮਾਂ ਮੌਜਾਂ ਮਾਣੀਆਂ। ਕਾਂਗਰਸ ਛੱਡ ਕੇ ਜਾਣ ਵਾਲੇ ਵਿਅਕਤੀਆਂ ’ਤੇ ਤੰਜ ਕੱਸਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਵਿਅਕਤੀ ਤਾਂ ਕਈ ਸਾਲ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ ਅੱਜ ਤਾਂ ਸਿਰਫ਼ ਸਿਰੋਪਾ ਰਾਜਨੀਤੀ ਹੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੇ ਜਾਣ ਨਾਲ ਪਾਰਟੀ ਜਾਂ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪਵੇਗਾ, ਸਗੋਂ ਕਾਂਗਰਸ ਪਾਰਟੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਵੇਗੀ, ਕਿਉਂਕਿ ਇਹ ਲੋਕਾਂ ਵੱਲੋਂ ਨਕਾਰੇ ਗਏ ਆਗੂ ਹਨ। ਰਾਜਾ ਵੜਿੰਗ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਆਪਣੀਆਂ ਕੀਮਤੀ ਵੋਟਾਂ ਪੰਜੇ ਦੇ ਨਿਸ਼ਾਨ ’ਤੇ ਲਗਾਉਣ।