ਪੱਤਰ ਪ੍ਰੇਰਕ
ਟੱਲੇਵਾਲ, 16 ਅਕਤੂਬਰ
ਪਿੰਡ ਚੀਮਾ ਨੂੰ ਨਵਾਂ ਸਰਪੰਚ ਮਿਲਣ ਨਾਲ ਪਿੰਡ ਦੇ ਰੁਕੇ ਹੋਏ ਵਿਕਾਸ ਕਾਰਜ ਸਿਰੇ ਚੜ੍ਹਨ ਦੀ ਆਸ ਬੱਝ ਗਈ ਹੈ। ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਸੀਰ ਸਿੰਘ ਚੀਮਾ ਦੀ ਅਗਵਾਈ ਵਿੱਚ ਸਰਪੰਚ ਸੁਖਮਿੰਦਰ ਸਿੰਘ ਸਮੇਤ ਪੰਚ ਮਹਿੰਦਰ ਸਿੰਘ, ਪੰਚ, ਲਖਵਿੰਦਰ ਸਿੰਘ ਦੁੱਲਾ, ਜਸਵੀਰ ਸਿੰਘ ਮਾਹੀ, ਪਰਮਿੰਦਰ ਸਿੰਘ ਜਾਗਲ, ਨਾਜਰ ਸਿੰਘ, ਬਲਾਕ ਸਮਿਤੀ ਮੈਂਬਰ ਨਿਰੰਜਣ ਸਿੰਘ, ਜੋਬਨਜੀਤ ਸਿੰਘ ਧਾਲੀਵਾਲ ਅਤੇ ਮਨਰੇਗਾ ਸੈਕਟਰੀ ਸਤਨਾਮ ਸਿੰਘ ਨੇ ਪਿੰਡ ਦੇ ਰੁਕੇ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ‘ਆਪ’ ਆਗੂ ਜਗਸੀਰ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਪੰਚਾਇਤ ਦੇ ਚੱਲ ਰਹੇ ਰੌਲੇ ਰੱਪੇ ਵਿੱਚ ਵਿਕਾਸ ਕਾਰਜ ਰੁਕੇ ਹੋਏ ਸਨ, ਪਰ ਹੁਣ ਨਵੇਂ ਸਰਪੰਚ ਅਤੇ ਪੂਰੀ ਟੀਮ ਸਮੇਤ ਮੁੜ ਗਲੀਆਂ ਦੇ ਖੜ੍ਹੇ ਕੰਮਾਂ ਨੂੰ ਮੁੜ ਚਾਲੂ ਕਰਵਾਉਣ ਲਈ ਮਨਰੇਗਾ ਸੈਕਟਰੀ ਵਲੋਂ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗਲੀਆਂ ਨਾਲੀਆਂ, ਗੰਦੇ ਪਾਣੀ ਦੀ ਸਮੱਸਿਆ ਤੇ ਖੇਡਾਂ ਆਦਿ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਨਬਿੇੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪਿੰਡ ਦੀਆਂ ਕਰੀਬ 4 ਗਲੀਆਂ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ।