ਪਰਮਜੀਤ ਸਿੰਘ
ਫਾਜ਼ਿਲਕਾ, 6 ਅਪਰੈਲ
ਜ਼ਿਲ੍ਹੇ ਦੇ ਪਿੰਡ ਥੇਹ ਕਲੰਦਰ ਦੀ ਗ੍ਰਾਮ ਪੰਚਾਇਤ ਨੇ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਜਿੱਤਿਆ ਹੈ। ਇਸ ਪੁਰਸਕਾਰ ਲਈ ਭਾਰਤ ਸਰਕਾਰ ਚੋਣ ਕਰਦੀ ਹੈ। ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਪੁਰਸਕਾਰ ਤਹਿਤ ਪਿੰਡ ਨੂੰ 10 ਲੱਖ ਰੁਪਏ ਦਾ ਇਨਾਮ ਮਿਲੇਗਾ। ਉਨ੍ਹਾਂ ਨੇ ਗ੍ਰਾਮ ਪੰਚਾਇਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨਵਲ ਰਾਮ ਨੇ ਦੱਸਿਆ ਕਿ ਪਿੰਡ ਦੀ ਮਹਿਲਾ ਸਰਪੰਚ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਪੂਰੀ ਪੰਚਾਇਤ ਨੇ ਮਿਲ ਕੇ ਕੰਮ ਕਰਦਿਆਂ ਇਹ ਵੱਕਾਰੀ ਇਨਾਮ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਇਹ ਪਿੰਡ ਹੋਰਨਾਂ ਲਈ ਮਿਸਾਲ ਬਣ ਕੇ ਉਭਰਿਆ ਹੈ।
ਸਰਪੰਚ ਰੁਪਿੰਦਰ ਕੌਰ ਨੇ ਦੱਸਿਆ ਕਿ ਪਿੱਛਲੇ ਲਗਭਗ ਇਕ ਸਾਲ ਦੌਰਾਨ ਪਿੰਡ ਵਾਸੀਆਂ ਅਤੇ ਪੰਚਾਂ ਦੇ ਸਹਿਯੋਗ ਨਾਲ ਵਿਕਾਸ ਦੀ ਜੋ ਗਾਥਾ ਲਿਖੀ ਗਈ ਹੈ ਉਸ ਸਫਲਤਾ ਲਈ ਉਹ ਹਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ,ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਬੀਡੀਪੀਓ ਦੇ ਧੰਨਵਾਦੀ ਹਨ।
ਜ਼ਿਕਰਯੋਗ ਹੈ ਕਿ ਪਿੰਡ ਵਿੱਚ ਦਾਖਲ ਹੁੰਦਿਆਂ ਹੀ ਸ਼ਾਨਦਾਰ ਸੜਕ ਸਵਾਗਤ ਕਰਦੀ ਹੈ ਜਦ ਕਿ ਪਿੰਡ ਦੇ ਅੰਦਰ 3 ਕਨਾਲ ਵਿੱਚ ਬਹੁਤ ਹੀ ਵਧੀਆ ਪਾਰਕ ਬਣਾਇਆ ਗਿਆ ਹੈ। ਇਸ ਤੋਂ ਬਿਨਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਲ ਲਈ ਫਲੱਡ ਲਾਇਟਾਂ ਵਾਲਾ ਵਾਲੀਬਾਲ ਗਰਾਊਂਡ ਬਣਾਇਆ ਗਿਆ ਹੈ।
ਪਿੰਡ ਵਿੱਚ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ। ਦੋ ਆਂਗਣਵਾੜੀ ਸੈਂਟਰਾਂ ਅਤੇ ਹਸਪਤਾਲ ਦੀ ਦਿੱਖ ਸੁਧਾਰੀ ਗਈ ਹੈ ਅਤੇ ਬੱਸ ਅੱਡੇ ਦੀ ਰਿਪੇਅਰ ਕੀਤੀ ਗਈ ਹੈ।
ਪੰਚਾਇਤ ਸਕੱਤਰ ਸਰਵਨ ਕੁਮਾਰ ਨੇ ਦੱਸਿਆ ਕਿ ਪੰਚਾਇਤ ਆਪਣੀ ਜਮੀਨ ਤੋਂ ਪ੍ਰਾਪਤ ਠੇਕੇ ਤੋਂ ਇਲਾਵਾ ਸਰਕਾਰੀ ਗ੍ਰਾਂਟਾਂ ਦੀ ਮਦਦ ਨਾਲ ਇਹ ਸਾਰੇ ਕੰਮ ਪਾਰਦਰਸ਼ੀ ਤਰੀਕੇ ਨਾਲ ਕਰਦੀ ਹੈ।