ਇਕਬਾਲ ਸਿੰਘ ਸ਼ਾਂਤ
ਲੰਬੀ, 3 ਜੁਲਾਈ
ਹਲਕੇ ’ਚ ਅਬੋਹਰ ਰੋਡ ਦੇ ਪਿੰਡਾਂ ਕਰੀਬ ਹਫ਼ਤੇ ਭਰ ‘ਚ ਮਿੱਡੂਖੇੜਾ, ਹਾਕੂਵਾਲਾ, ਭੁੱਲਰਵਾਲਾ ਅਤੇ ਫੱਤਾਕੇਰਾ ਦੇ ਰਕਬੇ ਵਿੱਚ ਕਰੀਬ ਦੋ ਦਰਜਨ ਖੇਤੀ ਮੋਟਰਾਂ ਦੀਆਂ ਤਾਰਾਂ ਅਤੇ ਸਟਾਰਟਰ ਚੋਰੀ ਹੋ ਚੁੱਕੇ ਹਨ। ਇਸ ਵਾਰਦਾਤ ਦਾ ਮਾਰੂ ਅਸਰ ਫ਼ਸਲਾਂ ’ਤੇ ਪੈਣ ਲੱਗਾ ਹੈ।
ਪਿੰਡ ਹਾਕੂਵਾਲਾ ਵਿੱਚ ਲੰਘੀਆਂ ਦੋ ਰਾਤਾਂ ’ਚ ਚੋਰ ਕਿਸਾਨ ਰਛਪਾਲ ਸਿੰਘ, ਸੁਖਪਾਲ ਸਿੰਘ ਅਤੇ ਗੁਰਸੇਵਕ ਸਿੰਘ ਦੇ ਇਲਾਵਾ ਪਿੰਡ ਮਿੱਡੂਖੇੜਾ ’ਚ ਜਗਜੀਤ ਸਿੰਘ ਕੁਲਾਰ ਦੇ ਖੇਤਾਂ ਵਿੱਚੋਂ ਤਾਰਾਂ ਵੱਢ ਕੇ ਲੈ ਗਏ। ਖੁਸ਼ਵੰਸ ਸਿੰਘ ਵਾਸੀ ਮਿੱਡੂਖੇੜਾ ਦੇ ਖੇਤ ਵਿੱਚੋਂ ਸਟਾਰਟਰ ਚੋਰੀ ਹੋਇਆ ਹੈ। ਭੁੱਲਰਵਾਲਾ ਦੇ ਕਿਸਾਨ ਹਰਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਪਰਸੋਂ ਰਾਤ ਨੂੰ ਚੋਰ ਉਨ੍ਹਾਂ ਦੀ ਮੋਟਰ ਦੀ ਤਾਰ ਅਤੇ ਤੇਜਵਿੰਦਰ ਸਿੰਘ ਦੇ ਖੇਤਾਂ ਵਿੱਚੋਂ ਦੋ ਮੋਟਰਾਂ ਦੀਆਂ ਵੱਢ ਕੇ ਲੈ ਗਏ। ਕੁਝ ਦਿਨ ਪਹਿਲਾਂ ਪਵਨਦੀਪ ਸਿੰਘ ਭੁੱਲਰਵਾਲਾ, ਹਰਤੇਜ ਸਿੰਘ ਭੁੱਲਰ, ਕਰਨੀ ਸਿੰਘ, ਜਗਵਿੰਦਰ ਸਿੰਘ ਨੰਬਰਦਾਰ ਤੇ ਜਸਕੌਰ ਸਿੰਘ ਦੇ ਖੇਤਾਂ ਵਿੱਚੋਂ ਤਾਰਾਂ ਚੋਰੀ ਹੋ ਗਈਆਂ। ਕੱਖਾਂਵਾਲੀ ਵਿੱਚ ਧਿਆਨ ਸਿੰਘ ਦੀਆਂ ਦੋ ਮੋਟਰਾਂ ਸਣੇ ਤਿੰਨ ਖੇਤਾਂ ਵਿੱਚੋਂ ਤਾਰਾਂ ਚੋਰੀ ਹੋ ਗਈਆਂ। ਇਸੇ ਤਰ੍ਹਾਂ ਕਈ ਹੋਰ ਚੋਰੀਆਂ ਵੀ ਹੋਈਆਂ ਹਨ। ਗੁਰਵੰਸ ਸਿੰਘ ਕੁਲਾਰ ਨੇ ਕਿਹਾ ਕਿ ਮਿੱਡੂਖੇੜਾ ਅਤੇ ਹਾਕੂਵਾਲਾ ਦੇ ਰਕਬੇ ਵਿੱਚ ਕੱਖਾਂਵਾਲਾ ਮਾਈਨਰ ਅਤੇ ਤਿਉਣਾ ਮਾਈਨਰ ਦੇ ਨੇੜਲੇ ਖੇਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਰਾਤ ਦੀ ਗਸ਼ਤ ਵਧਾਈ ਜਾਵੇ।
ਕਿੱਲਿਆਂਵਾਲੀ ਚੌਕੀ ਦੇ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਚੋਰੀ ਸਬੰਧੀ ਸ਼ਿਕਾਇਤ ਨਹੀਂ ਪੁੱਜੀ। ਪਾਵਰਕੌਮ ਬਾਦਲ ਦੇ ਕਾਰਜਕਾਰੀ ਇੰਜੀਨੀਅਰ ਯੋਗਵੀਰ ਸਿੰਘ ਨੇ ਕਿਹਾ ਕਿ ਵਿਭਾਗ ਕੋਲ ਤਾਰ ਚੋਰੀ ਬਾਰੇ ਅਜੇ ਤਕ ਕੋਈ ਸੂਚਨਾ ਨਹੀਂ ਆਈ।