ਪੱਤਰ ਪ੍ਰੇਰਕ
ਲੰਬੀ, 13 ਜੁਲਾਈ
ਬੀਤੀ ਰਾਤ ਮੰਡੀ ਕਿੱਲਿਆਂਵਾਲੀ ’ਚ ਦੋ ਚੋਰਾਂ ਨੇ ਪਿੰਡ ਕਿੱਲਿਆਂਵਾਲੀ ਰੋਡ ’ਤੇ ਵੈਡਿੰਗ ਸਟੂਡੀਓ ਦੀ ਦੁਕਾਨ ਦੇ ਸ਼ਟਰ ਦਾ ਜ਼ਿੰਦਰਾ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਘਟਨਾ ਨੇੜੇ ਇੱਕ ਦੁਕਾਨ ਦੇ ਸੀਸੀਟੀਵੀ ਕੈਮਰੇ ਕੈਦ ’ਚ ਹੋਈ ਹੈ। ਸਟੂਡੀਓ ਦੇ ਸੰਚਾਲਕ ਮਨਤਾਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ 9 ਵਜੇ ਦੁਕਾਨ ਬੰਦ ਕਰਕੇ ਗਿਆ ਸੀ। ਉਸਨੂੰ ਅੱਜ ਸਵੇਰੇ ਦੁਕਾਨ ਦੇ ਜਿੰਦਰੇ ਟੁੱਟੇ ਹੋਣ ਦੀ ਸੂਚਨਾ ਮਿਲੀ ਤਾਂ ਉਸਨੇ ਆ ਕੇ ਵੇਖਿਆ ਤਾਂ ਦੁਕਾਨ ਅੰਦਰਲੇ ਗੇਟ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ।
ਚੋਰਾਂ ਨੇ ਦੁਕਾਨ ਅੰਦਰੋਂ ਦੋ ਕੰਪਿਊਟਰ, ਇੱਕ ਪ੍ਰਿੰਟਰ, ਸੱਤ ਹਾਰਡ ਡਿਸਕਾਂ, 4 ਪੈਨ ਡਰਾਈਵਾਂ ਤੇ ਇੰਡਕਸ਼ਨ ਚੁੱਲ੍ਹਾ ਚੋਰੀ ਕਰ ਲਿਆ। ਹਾਰਡ ਡਿਸਕਾਂ ’ਚ ਕਈ ਵਿਆਹਾਂ ਦੀਆਂ ਮੂਵੀਜ਼ ਤੇ ਫੋਟੋਆਂ ਦਾ ਡਾਟਾ ਫੀਡ ਸੀ। ਸੀ.ਸੀ ਟੀਵੀ ਫੁਟੇਜ਼ ਮੁਤਾਬਕ ਇੱਕ ਸੈਂਟਰੋ ਕਾਰ ’ਤੇ ਸਵਾਰ ਦੋ ਕਾਰ ਚੋਰਾਂ ਨੇ ਵਾਰਦਾਤ ਨੂੰ ਕਈ ਵਾਰੀਆਂ ’ਚ ਅੰਜਾਮ ਦਿੱਤਾ। ਚੋਰ ਪਹਿਲਾਂ ਦੁਕਾਨ ਦੇ ਸ਼ਟਰ ਦਾ ਜਿੰਦਰਾ ਤੋੜ ਕੇ ਉਥੋਂ ਚਲੇ ਗਏ ਤੇ ਥੋੜ੍ਹੀ ਦੇਰ ਬਾਅਦ ਵਾਪਸ ਆ ਕੇ ਚੋਰਾਂ ਨੇ ਸ਼ਟਰ ਚੁੱਕਿਆ ਤੇ ਅੰਦਰਲੇ ਗੇਟ ਦਾ ਸ਼ੀਸ਼ਾ ਤੋੜਿਆ।
ਇੱਕ ਚੋਰ ਦੁਕਾਨ ‘ਚ ਦਾਖ਼ਲ ਹੋ ਗਿਆ ਤੇ ਦੂਸਰਾ ਕਾਰ ਲੈ ਕੇ ਉਥੋਂ ਚਲਾ ਗਿਆ। ਬਾਅਦ ‘ਚ ਕਾਰ ਵਾਪਸ ਆਉਂਦੀ ਹੈ ਤੇ ਅੰਦਰ ਵੜੇ ਚੋਰ ਤੇ ਦੁਕਾਨ ‘ਚੋਂ ਚੋਰੀ ਕੀਤੇ ਸਾਮਾਨ ਨੂੰ ਲੈ ਕੇ ਉਥੋਂ ਚਲੀ ਜਾਂਦੀ ਹੈ। ਪੁਲੀਸ ਨੇ ਮੌਕੇ ਦਾ ਜਾਇਜ਼ਾ ਲਿਆ ਹੈ।