ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 7 ਨਵੰਬਰ
ਇੱਥੋਂ ਦੇ ਐਕਸਿਸ ਬੈਂਕ ਵਿੱਚ ਕੈਸ਼ ਡਿਊਟੀ ’ਤੇ ਤਾਇਨਾਤ ਸਾਬਕਾ ਫੌਜੀ ਚਰਨਜੀਤ ਸਿੰਘ ਵਾਸੀ ਬਸਤੀ ਬੁਲੰਦੇ ਵਾਲੀ ਦਾ ਮੋਟਰਸਾਈਕਲ ਸੈਨਾ ਦੀ ਗੋਲਡਨ ਐਰੋ ਕੰਟੀਨ ਦੇ ਬਾਹਰੋਂ ਚੋਰੀ ਹੋ ਗਿਆ।
ਚਰਨਜੀਤ ਸਿੰਘ ਸ਼ੁੱਕਰਵਾਰ ਦੁਪਹਿਰ ਵੇਲੇ ਇਸ ਕੰਟੀਨ ’ਤੇ ਕੁਝ ਸਾਮਾਨ ਲੈਣ ਵਾਸਤੇ ਗਿਆ ਸੀ। ਉਸ ਨੇ ਆਪਣਾ ਮੋਟਰਸਾਈਕਲ ਕੰਟੀਨ ਦੀ ਪਾਰਕਿੰਗ ਵਿੱਚ ਖੜ੍ਹਾ ਕੀਤਾ ਤੇ ਆਪਣੀ ਛੋਟੇ ਬੱਟ ਵਾਲੀ ਦੋਨਾਲੀ ਬੰਦੂਕ ਝੋਲੇ ਵਿੱਚ ਪਾ ਕੇ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਦਿੱਤੀ। ਕੁਝ ਚਿਰ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਵੇਖਿਆ ਕਿ ਉਸ ਦਾ ਮੋਟਰਸਾਇਕਲ ਸਮੇਤ ਬੰਦੂਕ ਚੋਰੀ ਹੋ ਚੁੱਕਾ ਸੀ। ਥਾਣਾ ਛਾਉਣੀ ਵਿੱਚ ਚੋਰੀ ਦਾ ਕੇਸ ਦਰਜ ਕਰ ਲਿਆ ਗਿਆ ਹੈ।