ਪੱਤਰ ਪ੍ਰੇਰਕ
ਰਾਮਾਂ ਮੰਡੀ, 12 ਜੁਲਾਈ
ਚੋਰਾਂ ਨੇ ਇਥੋਂ ਦੇ ਮੇਨ ਬਾਜ਼ਾਰ ਵਿੱਚ ਅੱਧੀ ਦਰਜਨ ਦੁਕਾਨਾਂ ਦੇ ਤਾਲੇ ਤੋੜ ਕੇ ਨਗਦੀ ਅਤੇ ਕੱਪੜਾ ਚੋਰੀ ਕਰ ਲਿਆ। ਸਥਾਨਕ ਕੱਪੜੇ ਦੀ ਦੁਕਾਨ ਵਿਚ ਚੋਰੀ ਕਰਨ ਵਾਲੇ ਵਿਅਕਤੀ ਦੀ ਫੋਟੋ ਸੀਸੀਟੀਵੀ ’ਚ ਕੈਦ ਹੋ ਗਈ। ਚੋਰ ਦੁਕਾਨ ਵਿਚੋਂ ਕੱਪੜਾ ਤੇ 5000 ਨਕਦੀ ਲੈ ਗਏ। ਇਸ ਤੋਂ ਇਲਾਵਾ ਚੋਰਾਂ ਨੇ ਮੇਨ ਬਾਜ਼ਾਰ ਵਿੱਚ ਹੀ ਕੀੜੇਮਾਰ ਦਵਾਈਆਂ ਦੀ ਦੁਕਾਨ ਦੇ ਸ਼ਟਰ ਦੇ ਤਿੰਨ ਤਾਲੇ ਤੋੜ ਕੇ ਦੁਕਾਨ ਦੇ ਗੱਲੇ ਵਿੱਚੋਂ 9000 ਰੁਪਏ ਦੇ ਕਰੀਬ ਨਗਦੀ ਚੋਰੀ ਕਰ ਲਈ। ਉਸ ਦੇ ਸਾਹਮਣੇ ਹੀ ਭਾਂਡਿਆਂ ਵਾਲੀ ਦੁਕਾਨ ਤੋਂ ਇਲਾਵਾ ਰਾਠੀ ਨਿਊਜ਼ ਪੇਪਰ ਏਜੰਸੀ ਦੀ ਦੁਕਾਨ ਤੋਂ ਬਿਨਾਂ ਦੋ ਹੋਰ ਦੁਕਾਨਾਂ ਵਿਚ ਵੀ ਚੋਰੀ ਹੋਈ। ਇਥੇ ਚੋਰੀਆਂ ਦੀਆਂ ਘਟਨਾਵਾਂ ਵਧਣ ਕਾਰਨ ਵਪਾਰੀ ਵਰਗ ਪ੍ਰੇਸ਼ਾਨ ਹੈ।