ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ 29 ਮਾਰਚ
ਪੰਜਾਬ ਵਿਚ ਹੁਣੇ ਹੁਣੇ ਹੋਂਦ ਵਿੱਚ ਆਈ ਨਵੀਂ ਸਰਕਾਰ ਤੋਂ ਨਸ਼ੇ ਰੋਕਣ ਦੀ ਉਮੀਦ ਛੱਡ ਅੱਜ ਪਿੰਡ ਰੂੜੇਕੇ ਕਲਾਂ ਦੇ ਨੌਜਵਾਨਾਂ ਨੇ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿੱਚੋਂ ਚਿੱਟਾ ਤੇ ਹੋਰ ਮਾਰੂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਐਲਾਨ ਕਰਕੇ ਇਕ ਕਮੇਟੀ ਦਾ ਗਠਨ ਕਰ ਦਿੱਤਾ। ਪਿੰਡ ਦੇ ਗੁਰੂਘਰ ਵਿਚ ਇਕੱਠੇ ਹੋਏ ਨੌਜਵਾਨਾਂ ਨੇ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਸੰਘਾ ਨੂੰ ਬੁਲਾ ਕੇ ਮੀਟਿੰਗ ਕੀਤੀ। ਇਸ ਮੌਕੇ ਪੁਲੀਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ । ਇਸ ਮੌਕੇ ਸਮਾਜ ਸੇਵੀ ਜਗਸੀਰ ਸਿੰਘ ਜੱਗਾ, ਸਰਪੰਚ ਸੋਨੀ ਸਿੰਘ, ਸਵਿੰਦਰ ਕਾਕਾ ਅਤੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਿੰਡ ਦੀ ਜਵਾਨੀ ਨੂੰ ਬਚਾਉਣ ਲਈ ਪੰਚਾਇਤ ਦੇ ਸਹਿਯੋਗ ਨਾਲ ਮਤਾ ਪਾਇਆ ਹੈ ਕਿ ਜੇ ਕੋਈ ਵੀ ਵਿਅਕਤੀ ਪਿੰਡ ਵਿਚ ਨਸ਼ਾ ਵੇਚਦਾ ਧਿਆਨ ਵਿਚ ਆ ਗਿਆ ਤਾਂ ਨੌਜਵਾਨਾਂ ਵੱਲੋਂ ਬਣਾਈ ਗਈ ਕਮੇਟੀ ਕਾਨੂੰਨੀ ਕਾਰਵਾਈ ਕਰਾਏਗੀ । ਜੇ ਨਸ਼ਾ ਵੇਚਣ ਵਾਲੇ ਦੀ ਪਿੰਡ ਦਾ ਨੰਬਰਦਾਰ, ਸਰਪੰਚ ਜਾਂ ਕੋਈ ਹੋਰ ਮੋਹਤਬਰ ਵਿਅਕਤੀ ਮੱਦਦ ਕਰੇਗਾ ਤਾਂ ਉਸ ਦਾ ਵੀ ਬਾਈਕਾਟ ਕੀਤਾ ਜਾਵੇਗਾ । ਇਸ ਮੌਕੇ ਨੋਜਵਾਨਾਂ ਨੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਛੁੱਟੀ ਸਮੇਂ ਅਵਾਰਾਗਰਦੀ ਕਰਨ ਵਾਲੇ ਮੁੰਡਿਆਂ ਨੂੰ ਵੀ ਤਾੜਨਾ ਕੀਤੀ। ਇਸ ਮੌਕੇ ਬਿੰਦਰ ਮਾਨ, ਦਰਸ਼ਨ ਸਿੰਘ ਝਕਰਾ ਹਾਜ਼ਰ ਸਨ ।