ਨਵਕਿਰਨ ਸਿੰਘ
ਮਹਿਲ ਕਲਾਂ, 1 ਦਸੰਬਰ
ਪੰਜਾਬ ਦੇ ਜਿਆਦਾਤਰ ਕਿਸਾਨ ਇਹਨਾਂ ਦਿਨਾਂ ਵਿੱਚ ਦਿੱਲੀ ਦੇ ਕਿਸਾਨ ਮੋਰਚੇ ਵਿੱਚ ਕੇਂਦਰੀ ਹਕੂਮਤ ਨਾਲ ਆਢਾ ਲਾਈ ਬੈਠੇ ਹਨ ਅਤੇ ਅਗੇਤੀ ਬੀਜਾਈ ਵਾਲੀ ਕਣਕ ਦੀ ਫਸਲ ਲਈ ਫੌਰੀ ਪਾਣੀ, ਰੇਹ, ਸਪਰੇਹ ਦੀ ਲੋੜ ਹੈ। ਬਲਾਕ ਮਹਿਲ ਕਲਾਂ ਦੇ ਕੁੱਝ ਪਿੰਡਾਂ ਵਿੱਚ ਨੌਜਵਾਨਾਂ ਨੇ ਸੰਘਰਸ਼ੀ ਕਿਸਾਨਾਂ ਦੀ ਫਸਲ ਦੀ ਦੇਖ ਰੇਖ ਦਾ ਜ਼ਿੰਮਾ ਆਪਣੇ ਸਿਰ ਓਟ ਕੇ ਇੱਕ ਚੰਗੀ ਮਿਸਾਲ ਪੈਦਾ ਕੀਤੀ ਹੈ। ਪਿੰਡ ਚੰਨਣਵਾਲ ਤੋਂ ਲਗਪਗ 40 ਕਿਸਾਨ ਦਿੱਲੀ ਸੰਘਰਸ਼ ਵਿੱਚ ਗਏ ਹੋਏ ਹਨ। ਪਿੰਡ ਦੀ ਸਤਿਕਾਰ ਕਮੇਟੀ ਦੇ ਆਗੂ ਗੁਰਦੀਪ ਸਿੰਘ ਜਟਾਣਾ, ਖੁਸ਼ਪ੍ਰੀਤ ਸਿੰਘ ਗਿੱਲ, ਰਵਿੰਦਰ ਸਿੱਧੂ, ਹਰਪਿੰਦਰ ਬਾਠ, ਅਰਸ਼ਦੀਪ ਗਿੱਲ, ਜਸਵਿੰਦਰਪਾਲ ਮਾਂਗਟ ਆਦਿ ਨੇ ਦੱਸਿਆ ਕਿ ਦਿੱਲੀ ਜਾਣ ਵਾਲੇ ਕਿਸਾਨ ਆਪਣੀ ਨਿੱਜਤਾ ਤੋਂ ਉੱਪਰ ਉੱਠ ਕੇ ਸਮੂਹਿਕ ਹਿੱਤਾਂ ਲਈ ਸੰਘਰਸ਼ ਕਰਨ ਗਏ ਹਨ ਇਸ ਲਈ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਦੇ ਘਰ, ਪਸ਼ੂਆਂ, ਫਸਲਾਂ, ਬੱਚਿਆਂ ਦੀ ਸੇਵਾ ਸੰਭਾਲ ਕਰੀਏ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੇ ਦਿੱਲੀ ਗਏ ਕਿਸਾਨਾਂ ਦੇ ਖੇਤਾਂ ਵਿੱਚ ਰੇਹ ਪਾਉਣ ਅਤੇ ਸਪਰੇਹ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਤੇ ਦੋ ਦਿਨਾਂ ਵਿੱਚ ਦਲਵੀਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਤਤਲਾ, ਪਾਲੀ ਜਟਾਣਾ, ਮਨਪ੍ਰੀਤ ਜਟਾਣਾ ਆਦਿ 6 ਕਿਸਾਨਾਂ ਦੇ ਖੇਤਾਂ ਵਿੱਚ ਕੰਮ ਨਿਪਟਾ ਦਿੱਤਾ ਹੈ ਤੇ ਇੱਕ ਹਫਤੇ ਵਿੱਚ ਸਾਰੇ ਕਿਸਾਨਾਂ ਦੇ ਖੇਤਾਂ ਵਿੱਚ ਰੇਹ ਪਾਉਣ ਅਤੇ ਸਪਰੇਹ ਕਰਨ ਦਾ ਕੰਮ ਕਰ ਦਿੱਤਾ ਜਾਵੇਗਾ। ਸਥਾਨਕ ਸਤਿਕਾਰ ਕਮੇਟੀ ਨੇ ਦੱਸਿਆ ਕਿ ਸਿਰਫ ਫਸਲਾਂ ਦੀ ਸੇਵਾ ਸੰਭਾਲ ਹੀ ਨਹੀਂ ਬਲਕਿ ਉਹ ਤਾਂ ਦਿੱਲੀ ਗਏ ਕਿਸਾਨਾਂ ਦੀ ਹਰ ਸਮੇਂ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਤਿਆਰ ਹਨ। ਇਸੇ ਤਰ੍ਹਾਂ ਦਿੱਲੀ ਸੰਘਰਸ਼ ਵਿੱਚ ਸ਼ਾਮਲ ਪਿੰਡ ਰਾਏਸਰ ਤੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਏਸਰ ਦੇ ਖੇਤਾਂ ਦੀ ਜ਼ਿੰਮੇਵਾਰੀ ਉਸ ਦੇ ਭਰਾ ਪਲਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਆਦਿ ਨੇ ਸੰਭਾਲ ਲਈ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਨੇ ਸੰਘਰਸ਼ੀ ਕਿਸਾਨਾਂ ਦੀਆ ਘਰੇਲੂ ਜ਼ਿੰਮੇਵਾਰੀਆਂ ਓਟਣ ਵਾਲੇ ਨੌਜਵਾਨਾਂ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਜਦ ਵੀ ਹਕੂਮਤ ਨਾਲ ਸੰਘਰਸ਼ ਚੱਲਦਾ ਹੈ ਤਾਂ ਫਰੰਟ ‘ਤੇ ਲੜਣ ਵਾਲੇ ਯੋਧਿਆ ਦੀਆ ਪਿੱਛੇ ਰਹਿ ਕੇ ਜਿੰਮੇਵਾਰੀਆਂ ਨਿਭਾਉਣ ਵਾਲੇ ਲੋਕਾਂ ਦੀ ਕੁਰਬਾਨੀ ਵੀ ਘੱਟ ਨਹੀਂ ਹੁੰਦੀ।