ਜਸਵੰਤ ਜੱਸ
ਫ਼ਰੀਦਕੋਟ, 6 ਅਪਰੈਲ
ਫਰੀਦਕੋਟ-ਕੋਟਕਪੂਰਾ ਰੋਡ ’ਤੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਪੁਲੀਸ ਦੀ ਗੱਡੀ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਦੂਸਰਾ ਨੌਜਵਾਨ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਫਰੀਦਕੋਟ ਦੀ ਤਰਫੋਂ ਇੱਕ ਸਵਿੱਫ਼ਟ ਕਾਰ ਕੋਟਕਪੂਰਾ ਵੱਲ ਜਾ ਰਹੀ ਸੀ ਜਿਸ ਦਾ ਪਿੱਛਾ ਫਰੀਦਕੋਟ ਪੁਲੀਸ ਕਰ ਰਹੀ ਸੀ। ਜਦੋਂ ਪੁਲੀਸ ਨੇ ਸਵਿੱਫ਼ਟ ਕਾਰ ਦੇ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਨੇ ਕਾਰ ਰੋਕਣ ਦੀ ਥਾਂ ਪੁਲੀਸ ਉੱਪਰ ਗੋਲੀਆਂ ਚਲਾ ਦਿੱਤੀਆਂ। ਬਾਅਦ ਵਿੱਚ ਇਹ ਕਾਰ ਕੋਟਕਪੂਰਾ ਰੋਡ ਉੱਪਰ ਨਹਿਰਾਂ ਨਜ਼ਦੀਕ ਖਤਾਨਾਂ ਵਿੱਚ ਡਿੱਗ ਪਈ।
ਪੁਲੀਸ ਨੇ ਕਾਰ ਵਿੱਚੋਂ ਬਲਜੀਤ ਸਿੰਘ ਵਾਸੀ ਜ਼ੀਰਾ ਨੂੰ ਇੱਕ 32 ਬੋਰ ਰਿਵਾਲਵਰ, ਇੱਕ ਮੈਗਜ਼ੀਨ, ਕਾਰਤੂਸ ਅਤੇ 100 ਗਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੂਚਨਾ ਅਨੁਸਾਰ ਮੌਕੇ ਤੋਂ ਭੱਜਣ ਵਾਲੇ ਨੌਜਵਾਨ ਦੀ ਸ਼ਨਾਖਤ ਜਸ਼ਨਪ੍ਰੀਤ ਸਿੰਘ ਵਾਸੀ ਲੱਖੋਕੇ ਬਹਿਰਾਮ ਜਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਪੁਲੀਸ ਨੇ ਅੱਜ ਗ੍ਰਿਫ਼ਤਾਰ ਕੀਤੇ ਗਏ ਬਲਜੀਤ ਸਿੰਘ ਨੂੰ ਇੱਥੇ ਚੀਫ਼ ਜੁਡੀਸ਼ਲ ਮੈਜਿਸਟਰੇਟ ਹਰਵਿੰਦਰ ਸਿੰਧੀਆ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ਤੇ ਭੇਜਣ ਦਾ ਹੁਕਮ ਦਿੱਤਾ ਹੈ।