ਐਨ.ਪੀ. ਸਿੰਘ
ਬੁਢਲਾਡਾ, 8 ਅਪਰੈਲ
ਸ਼ਹਿਰ ਦੇ ਕੌਮੀ ਮਾਰਗ ਨੰਬਰ 148ਬੀ ਦੀ ਉਸਾਰੀ ਲਈ ਗ੍ਰਹਿਣ ਕੀਤੀ ਗਈ ਜ਼ਮੀਨ ਦੇ ਮਾਲਕਾਂ ਨੇ ਅੱਜ ਦੂਜੇ ਦਿਨ ਵੀ ਜੇਸੀਬੀ ਮਸ਼ੀਨਾਂ ਦਾ ਪੀਲਾ ਪੰਜਾ ਨਹੀਂ ਚੱਲਣ ਦਿੱਤਾ।
ਸ਼ਹਿਰ ਦੇ ਵੱਡੀ ਗਿਣਤੀ ਜ਼ਮੀਨ ਮਾਲਕਾਂ ਨੇ ਕਾਲਜ ਚੌਕ ਤੋਂ ਥੋੜੀ ਦੂਰ ਕੇਂਦਰ ਸਰਕਾਰ ਅਤੇ ਕੌਮੀ ਸ਼ਾਹਰਾਹ ਅਥਾਰਿਟੀ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਗ੍ਰਹਿਣ ਕੀਤੀਆਂ ਗਈਆਂ ਜ਼ਮੀਨਾਂ ਦੇ ਹੱਕੀ ਮੁਆਵਜ਼ੇ ਦੀ ਮੰਗ ਕੀਤੀ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੁਨੀਅਨ ਦੇ ਪ੍ਰਧਾਨ ਬਬਲੀ ਅਟਵਾਲ ਨੇ ਕਿਹਾ ਕਿ ਉਸ ਦੇ ਘਰ ਦਾ ਕੌਮੀ ਮਾਰਗ ਨਾਲ ਲੱਗਦਾ ਅੱਧੇ ਤੋਂ ਵੱਧ ਹਿੱਸਾ ਸੜਕੀ ਘੇਰੇ ਵਿੱਚ ਆ ਗਿਆ ਹੈ ਪ੍ਰੰਤੂ ਸਰਕਾਰ ਨੇ ਉਨ੍ਹਾਂ ਨੂੰ ਬਣਦੀ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਬਲਕਿ ਉਨ੍ਹਾਂ ਦਾ ਘਰ ਢਾਹੁਣ ਦੇ ਹੁਕਮ ਚਾੜ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੁਆਵਜ਼ੇ ਦੀ ਬਣਦੀ ਰਕਮ ਦਾ ਭੁਗਤਾਨ ਕਰਦੀ ਹੈ ਤਾਂ ਉਹ ਆਪਣਾ ਇਹ ਘਰ ਛੱਡ ਕੇ ਸ਼ਹਿਰ ਵਿੱਚ ਕੋਈ ਹੋਰ ਮਕਾਨ ਖਰੀਦ ਸਕਦਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਆਗੂ ਮੇਜਰ ਸਿੰਘ ਬੱਛੂਆਣਾ ਅਤੇ ਪੈਟਰੋਲ ਪੰਪਾਂ ਦੇ ਮਾਲਕਾਂ, ਸਿਨੇਮਾ ਘਰਾਂ, ਮੈਰਿਜ ਪੈਲੇਸਾਂ ਦੇ ਮਾਲਕਾਂ ਤੇ ਦੁਕਾਨਦਾਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਰਗ ਨਾਲ ਸਬੰਧਤ ਲੋਕਾਂ ਦੇ ਬਣਦੇ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਨਾ ਪਾਏ ਗਏ ਤਾਂ ਇਸ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।