ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 26 ਅਕਤੂਬਰ
ਸੂਬੇ ਦੀ ਤਮਗਿਆਂ ਦੀ ਨਰਸਰੀ ਕਰਕੇ ਜਾਣੀ ਜਾਦੀ ਸੰਸਥਾ ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਧੂੜਕੋਟ ਰਣਸੀਂਹ ਦੀਆਂ ਪਹਿਲਵਾਨ ਲੜਕੀਆਂ ਨੇ ਫ਼ਰੀਦਕੋਟ ਵਿੱਚ ਹੋਈਆਂ ਸੂਬਾ ਪੱਧਰੀ ਖੇਡਾਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚੋਂ ਸੱਤ ਤਮਗੇ ਜਿੱਤ ਕੇ ਸੂਬਾ ਚੈਂਪੀਅਨ ਸ਼ਿਪ ਹਾਸਲ ਕੀਤੀ ਹੈ।
ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਦੇ ਪ੍ਰਧਾਨ ਡਾ. ਹਰਗੁਰਪ੍ਰਤਾਪ ਸਿੰਘ ਅਤੇ ਕੋਚ ਜਗਦੀਪ ਸਿੰਘ ਨੇ ਅਖਾੜੇ ਵਿੱਚ ਸਨਮਾਨ ਸਮਾਗਮ ਸਮੇਂ ਦੱਸਿਆ ਕਿ 21 ਤੋਂ 40 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਦੋ ਸੋਨ, ਚਾਰ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ ਹੈ ਜਿਸ ਵਿੱਚ ਨਵਜੋਤ ਕੌਰ ਧੂੜਕੋਟ ਅਤੇ ਪਰਦੀਪ ਕੌਰ ਰਣਸੀਂਹ ਨੇ ਸੋਨ ਤਮਗੇ ਜਿੱਤੇ ਹਨ। ਜ਼ਿਕਰਯੋਗ ਹੈ ਕਿ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਧੂੜਕੋਟ ਰਣਸੀਂਹ ਦੇ ਸਕੂਲ ਵਿੱਚ ਬਣਿਆਂ ਕੁਸ਼ਤੀ ਅਖਾੜਾ ਤਮਗਿਆਂ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ ਜਿਸ ਵਿੱਚ ਕਿਰਤੀ, ਕਾਮਿਆਂ ਦੀਆਂ ਲੜਕੀਆਂ ਜ਼ਿਲ੍ਹਾ, ਸੂਬਾ ਪੱਧਰ ਤੋਂ ਲੈ ਕੇ ਖੇਲੋ ਇੰਡੀਆ, ਰਾਸ਼ਟਰੀ, ਅੰਤਰਰਾਸ਼ਟਰੀ ਖੇਡਾਂ ਵਿੱਚ ਤਮਗੇ ਜਿੱਤ ਚੁੱਕੀਆਂ ਹਨ। ਅਖਾੜੇ ਦੇ ਪ੍ਰਧਾਨ ਡਾ. ਹਰਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਤੁਛ ਜਿਹੀਆਂ ਸਹੂਲਤਾਂ ਅਤੇ ਦਾਨੀ ਮਿੱਤਰਾਂ ਦੇ ਸਹਿਯੋਗ ਨਾਲ ਹੀ ਲੜਕੀਆਂ ਐਨੀਆਂ ਮੱਲਾਂ ਮਾਰ ਰਹੀਆਂ ਹਨ। ਜੇਕਰ ਸੂਬਾ ਸਰਕਾਰ ਹਰਿਆਣਾ ਆਦਿ ਵਾਂਗ ਇਸ ਅਖਾੜੇ ਨੂੰ ਵਿਸ਼ੇਸ਼ ਤਵੱਜੋ ਦੇਵੇ ਤਾਂ ਓਲੰਪਿਕ ਖੇਡਾਂ ਵਿੱਚ ਮੋਗਾ ਜ਼ਿਲ੍ਹੇ ਦੀ ਤੂਤੀ ਬੋਲੇਗੀ। ਉਨ੍ਹਾਂ ਅਖਾੜੇ ਦੀ ਬਿਲਡਿੰਗ, ਕੁਸ਼ਤੀ ਦਾ ਸਾਜੋ ਸਮਾਨ ਅਤੇ ਪੱਕੀ ਖੁਰਾਕ ਲਈ ਗਰਾਂਟ ਤੇ ਵਿੰਗ ਦੀ ਮਾਨਤਾ ਦੇਣ ਦੀ ਮੰਗ ਕੀਤੀ। ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਉਹ ਅਖਾੜੇ ਦੀ ਬਿਹਤਰੀ ਲਈ ਯਤਨਸ਼ੀਲ ਹਨ ਅਤੇ ਮੰਤਰੀ ਨੂੰ ਮਿਲ ਚੁੱਕੇ ਹਨ। ਇਸ ਸਮੇਂ ਸਰਪੰਚ ਨਰਿੰਦਰ ਸਿੰਘ, ਸਰਪੰਚ ਪ੍ਰੀਤ ਇੰਦਰਪਾਲ ਮਿੰਟੂ, ਰਵਿੰਦਰ ਸਿੰਘ, ਡਾ ਫ਼ਕੀਰ ਮੁਹੰਮਦ, ਕਿਸਾਨ ਆਗੂ ਇੰਦਰਮੋਹਨ ਪੱਤੋ ਅਤੇ ਗੋਧ ਪਹਿਲਵਾਨ ਮੌਜੂਦ ਸਨ ਉਹਨਾਂ ਅਖਾੜੇ ਦੇ ਕੋਚ ਜਗਦੀਪ ਜੱਗੂ ਅਤੇ ਜੇਤੂ ਪਹਿਲਵਾਨ ਲੜਕੀਆਂ ਨੂੰ ਮੁਬਾਕਰਵਾਦ ਦਿੱਤੀ।