ਪੱਤਰ ਪ੍ਰੇਰਕ
ਮਾਨਸਾ, 22 ਜੂਨ
ਪੰਜਾਬ ਸਟੇਟ ਕਰਮਚਾਰੀ ਦਲ ਮਾਨਸਾ ਦੇ ਵਫ਼ਦ ਨੇ ਨਹਿਰੀ ਵਿਭਾਗ ਦੇ ਕਾਰਜਕਾਰੀ ਐਕਸੀਅਨ ਜਗਮੀਤ ਸਿੰਘ ਭਾਕਰ ਨਾਲ ਹੱਕੀ ਮੰਗਾਂ-ਮਸਲਿਆਂ ਨੂੰ ਲੈ ਕੇ ਮੁਲਾਕਾਤ ਕੀਤੀ। ਇਸ ਦੌਰਾਨ ਅਧਿਕਾਰੀ ਵੱਲੋਂ ਬਹੁਤ ਸਾਰੀਆਂ ਮੰਗਾਂ ਦਾ ਮੌਕੇ ’ਤੇ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਦਲ ਦੇ ਆਗੂ ਰਾਮ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਰਜਕਾਰੀ ਇੰਜਨੀਅਰ ਵੱਲੋਂ ਫੈਸਲਾ ਕੀਤਾ ਗਿਆ ਕਿ ਮੰਡਲ ਪੱਤਰ ਦੀ ਸੀਨੀਆਰਤਾ ਸੂਚੀ 3 ਦਿਨਾਂ ਦੇ ਅੰਦਰ-ਅੰਦਰ ਜਾਰੀ ਕਰ ਦਿੱਤੀ ਜਾਵੇਗੀ, ਮੌਸਮੀ ਵਰਦੀਆਂ ਲਈ ਫੰਡ ਲੈਣ ਲਈ ਉੱਚ ਅਧਿਕਾਰੀਆਂ ਨੂੰ ਅਰਧ ਸਰਕਾਰੀ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫੀਲਡ ਕਰਮਚਾਰੀਆਂ ਨੂੰ ਲੋੜੀਂਦੇ ਔਜਾਰ ਇੱਕ ਹਫਤੇ ਦੇ ਅੰਦਰ-ਅੰਦਰ ਮੁਹੱਈਆ ਕਰਵਾ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਰੈਗੂਲੇਸ਼ਨ ਹੈੱਡਾਂ ’ਤੇ ਪੀਣ ਵਾਲੇ ਪਾਣੀ ਅਤੇ ਲਾਈਟਾਂ ਦਾ ਪ੍ਰਬੰਧ ਦੋ ਹਫਤਿਆਂ ਦੇ ਅੰਦਰ-ਅੰਦਰ ਕਰਵਾ ਦਿੱਤਾ ਜਾਵੇਗਾ ਅਤੇ ਨਹਿਰੀ ਕਲੋਨੀਆਂ ਦੇ ਕੁਆਰਟਰਾਂ ਦੀ ਮੁਰੰਮਤ ਕਰਵਾਉਣ ਲਈ ਲੋੜੀਂਦੇ ਫੰਡਜ਼ ਦੀ ਮੰਗ ਉਚ ਅਧਿਕਾਰੀਆਂ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੋਰ ਮੰਗਾਂ ਨੂੰ ਵੀ ਛੇਤੀ ਹੀ ਪੂਰਾ ਕਰ ਦਿੱਤਾ ਜਾਵੇਗਾ।
ਇਸ ਮੌਕੇ ਜਗਤਾਰ ਸਿੰਘ, ਜਗਸੀਰ ਸਿੰਘ, ਰਘਵੀਰ ਸਿੰਘ, ਜਰਨੈਲ ਸਿੰਘ ਸੰਧੂ, ਨਿਰਭੈ ਸਿੰਘ ਈਲਵਾਲ, ਜਸਵੀਰ ਸਿੰਘ ਵੀ ਹਾਜ਼ਰ ਸਨ।