ਰੋਹਿਤ ਗੋਇਲ
ਪੱਖੋ ਕੈਂਚੀਆਂ, 5 ਅਕਤੂਬਰ
ਪੰਜਾਬ ਵਿੱਚ ਸਿੱਖ ਬਨਾਮ ਕਾਮਰੇਡ ਵਿਵਾਦ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸੇ ਵਿਵਾਦ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਵੱਲੋਂ ਅੱਜ ਪੱਖੋ ਕੈਂਚੀਆਂ ਚੌਕ ਵਿੱਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਇਸ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੂੰ ਸਿੱਖ ਵਿਰੋਧੀ ਜਥੇਬੰਦੀ ਕਰਾਰ ਦਿੱਤਾ ਅਤੇ ਸਿੱਖਾਂ ਨੂੰ ਇਸ ਜਥੇਬੰਦੀ ਕੋਲੋਂ ਦੂਰ ਤੇ ਸੁਚੇਤ ਰਹਿਣ ਲਈ ਕਿਹਾ।
ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਬਰਨਾਲਾ ਵਿੱਚ ਕੀਤੀ ਇਕ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਸਿਮਰਨਜੀਤ ਸਿੰਘ ਮਾਨ ਤੇ ਅੰਮ੍ਰਿਤਪਾਲ ਸਿੰਘ ਵਿਰੁੱਧ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਮਾਨ ਦਲ ਦੇ ਸਮਰਥਕਾਂ ਵਿੱਚ ਰੋਸ ਹੈ, ਜਿਸ ਕਰ ਕੇ ਉਨ੍ਹਾਂ ਵੱਲੋਂ ਅੱਜ ਬਰਨਾਲਾ ਦੇ ਪੱਖੋ ਕੈਂਚੀਆਂ ਚੌਕ ਵਿੱਚ ਅੱਜ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੁਰਜੀਤ ਸਿੰਘ ਸ਼ਹਿਣਾ, ਮੱਖਣ ਸਿੰਘ ਅਤੇ ਲਖਵੀਰ ਸਿੰਘ ਭੋਤਨਾ ਨੇ ਕਿਹਾ ਕਿ ਜੋਗਿੰਦਰ ਉਗਰਾਹਾਂ ਦਾ ਪੁਤਲਾ ਸਾੜਨ ਦਾ ਕਾਰਨ ਇਹ ਹੈ ਕਿ ਕੁੱਝ ਦਿਨ ਪਹਿਲਾਂ ਬਰਨਾਲਾ ਵਿੱਚ ਇਕ ਰੈਲੀ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਗਲਤ ਟਿੱਪਣੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਸਿੱਖਾਂ ਕੋਲੋਂ ਫੰਡ ਲੈ ਕੇ ਸਿੱਖਾਂ ਖ਼ਿਲਾਫ਼ ਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕਿਸਾਨਾਂ ਨੂੰ ਇਸ ਜੱਥੇਬੰਦੀ ਤੋਂ ਦੂਰ ਰਹਿ ਕੇ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਕਿਸਾਨ ਜੱਥੇਬੰਦੀ ਸਿੱਖ ਵਿਰੋਧੀ ਹੈ।