ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 21 ਅਗਸਤ
ਗੋਨਿਆਣਾ ਮੰਡੀ ਦੇ ਅੱਧੀ ਦਰਜਨ ਪਿੰਡਾਂ ਨੂੰ ਜੋੜਦੀ ਲਿੰਕ ਸੜਕ ਦੀ ਉਸਾਰੀ ਦਾ ਕੰਮ ਅੱਧ ਵਿਚਾਲੇ ਲਟਕ ਗਿਆ ਹੈ। ਮਹਿਮਾ ਸਰਜਾ, ਕੋਠੇ ਗਹਿਰੀ ਵਾਲੇ, ਮਹਿਮਾ ਸਵਾਈ, ਕੋਠੇ ਇੰਦਰ ਸਿੰਘ ਵਾਲੇ, ਕੋਠੇ ਨੱਥਾ ਸਿੰਘ ਵਾਲੇ, ਕੋਠੇ ਸਪੂਰਾ ਸਿੰਘ ਵਾਲਾ ਤੇ ਕਰੀਬ ਇੱਕ ਦਰਜਨ ਢਾਣੀਆਂ ਨੂੰ ਜੋੜਨ ਲਈ ਪਿਛਲੀ ਕਾਂਗਰਸ ਸਰਕਾਰ ਵੇਲੇ ਸੜਕ ਦੇ ਨਿਰਮਾਣ ਲਈ ਪੱਥਰ ਸੁੱਟੇ ਗਏ ਸਨ ਪਰ ਹੁਣ ਸਬੰਧਤ ਸੜਕ ਦੇ ਠੇਕੇਦਾਰ ਨੇ ਸੜਕ ’ਤੇ ਪਾਈ ਪੱਥਰ ਤੇ ਬਜਰੀ ਮੁੜ ਤੋਂ ਚੁੱਕਣੀ ਸ਼ੁਰੂ ਕਰ ਦਿੱਤੀ, ਜਿਸ ਦੀ ਭਿਣਕ ਪੈਂਦਿਆਂ ਹੀ ਮਹਿਮਾ ਸਰਜਾ ਤੇ ਮਹਿਮਾ ਸਵਾਈ ਪਿੰਡਾਂ ਅਤੇ ਢਾਣੀਆਂ ਦੇ ਲੋਕ ਮੌਕੇ ’ਤੇ ਇੱਕਠੇ ਹੋ ਗਏ ਤੇ ਇਸ ਦਾ ਵਿਰੋਧ ਕੀਤਾ। ਇਸ ’ਤੇ ਠੇਕਦਾਰ ਦੇ ਮੁਣਸ਼ੀ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਸਿਰਫ 10 ਲੱਖ ਰੁਪਏ ਦਿੱਤੇ ਗਏ ਸਨ। ਬੀਕੇਯੂ ਏਕਤਾ (ਸਿੱਧੂਪੁਰ) ਦੇ ਆਗੂ ਮਲਕੀਤ ਸਿੰਘ, ਜਲੰਧਰ ਸਿੰਘ, ਗੁਰਜੰਟ ਸਿੰਘ ਨੇ ਕਿਹਾ ਕਿ ਉਹ ਸੜਕ ਬਣਨ ਤੋਂ ਪਹਿਲਾਂ ਪੱਥਰ ਨਹੀਂ ਚੁੱਕਣ ਦੇਣਗੇ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸਤੀਸ਼ ਕੁਮਾਰ ਗੋਇਲ ਨੇ ਮੰਨਿਆ ਕਿ ਸੜਕ ਬਣਾਉਣ ਲਈ ਪਿਛਲੀ ਸਰਕਾਰ ਨੇ ਸਿਰਫ਼ 10 ਲੱਖ ਦਿੱਤੇ ਸਨ ਪਰ ਪ੍ਰਾਜੈਕਟ ਦਾ ਕੰਮ ਡੇਢ ਕਰੋੜ ਦੇ ਲਗਪਗ ਦਾ ਹੈ।