ਪੱਤਰ ਪ੍ਰੇਰਕ
ਬੋਹਾ 1 ਅਕਤੂਬਰ
ਇੱਥੋਂ ਨੇੜਲੇ ਪਿੰਡ ਰਾਮਪੁਰ ਮੰਡੇਰ ਦੇ ਕਿਸਾਨ ਗੁਲਾਬੀ ਸੁੰਡੀ ਦੇ ਹਮਲੇ ਤੋਂ ਤੰਗ ਹੋ ਕੇ ਆਪਣੀ ਪੁੱਤਾਂ ਵਾਂਗ ਪਾਲੀ ਨਰਮੇ ਦੀ ਫਸਲ ਵਾਹੁਣ ਲਈ ਮਜਬੂਰ ਹੋ ਗਏ ਹਨ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਸੁਖਪਾਲ ਸਿੰਘ ਕਾਲਾ, ਅਵਤਾਰ ਸਿੰਘ ਤਾਰੀ, ਲਾਲਾ ਸਿੰਘ, ਗੁਰਜੰਟ ਸਿੰਘ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੀ ਫਸਲ ਵਾਹੁਣ ਜਾ ਰਹੇ ਸਨ ਤਾਂ ਜਥੇਬੰਦੀ ਦੇ ਸੀਨੀਅਰ ਆਗੂਆਂ ਦੇ ਕਹਿਣ ’ਤੇ ਫਿਲਹਾਲ ਇਹ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਪੀੜਤ ਕਿਸਾਨਾਂ ਨੇ ਕਿਹਾ ਕਿ ਸਰਕਾਰ ਕੀਟਨਾਸ਼ਕ ਦਵਾਈ ਦੇਣ ਦੀ ਥਾਂ ਤੁਰੰਤ ਕਿਸਾਨਾਂ ਨੂੰ 60 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਨਰਮੇ ਦਾ ਮੁਆਵਜ਼ਾ ਜਾਰੀ ਕਰੇ ।