ਲਖਵੀਰ ਸਿੰਘ ਚੀਮਾ
ਟੱਲੇਵਾਲ, 8 ਜੂਨ
ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਗਾਗੇਵਾਲ ਵਿੱਚ ਗੰਦੇ ਪਾਣੀ ਦੀ ਨਿਕਾਸੀ ਡਰੇਨ ’ਤੇ ਹੋਏ ਨਾਜਾਇਜ਼ ਕਬਜ਼ੇ ਦੀ ਨਿਸ਼ਾਨਦੇਹੀ ਦਾ ਕਾਰਜ ਅੱਜ ਮੁੜ ਲਟਕ ਗਿਆ। ਗਾਗੇਵਾਲ ਵਿੱਚ ਅੱਜ ਮਾਲ ਵਿਭਾਗ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਡਰੇਨ ’ਤੇ ਹੋਏ ਨਾਜਾਇਜ਼ ਕਬਜ਼ਿਆਂ ਦੀ ਨਿਸ਼ਾਨਦੇਹੀ ਕੀਤੀ ਜਾਣੀ ਸੀ ਪਰ ਪੰਚਾਇਤ ਦੇ ਵਿਰੋਧ ਅਤੇ ਮਾਲ ਵਿਭਾਗ ਦੇ ਰਿਕਾਰਡ ’ਚ ਖ਼ਰਾਬੀ ਕਾਰਨ ਇਹ ਨਿਸ਼ਾਨਦੇਹੀ ਨਾ ਹੋ ਸਕੀ। ਗਾਗੇਵਾਲ ਦੀ ਪੰਚਾਇਤ ਵੱਲੋਂ ਇਸ ਨਿਸ਼ਾਨਦੇਹੀ ਦੇ ਵਿਰੋਧ ’ਚ ਇੱਕ ਮਤਾ ਪਾਸ ਕਰ ਕੇ ਵੀ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ। ਲੁਧਿਆਣਾ ਜ਼ਿਲ੍ਹੇ ਤੋਂ ਆਉਂਦੀ ਡਰੇਨ ’ਤੇ ਪਿੰਡ ਗਾਗੇਵਾਲ, ਸੱਦੋਵਾਲ ਤੇ ਛੀਨੀਵਾਲ ਖ਼ੁਰਦ ਵਿੱਚ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਨ੍ਹਾਂ ਤਿੰਨੋਂ ਪਿੰਡਾਂ ’ਚ ਕਰੀਬ ਤਿੰਨ ਕਿਲੋਮੀਟਰ ਲੰਬੀ ਡਰੇਨ ’ਤੇ ਕਬਜ਼ਾ ਹੈ ਜਿਸ ਕਾਰਨ ਗਾਗੇਵਾਲ ਤੇ ਸੱਦੋਵਾਲ ਵਿੱਚ ਇਸ ਡਰੇਨ ਦਾ ਕੋਈ ਖੁਰਾ-ਖੋਜ ਵੀ ਨਹੀਂ ਲੱਭ ਰਿਹਾ ਹੈ। ਇਸ ਦੇ ਵਿਰੋਧ ’ਚ ਮੂੰਮ ਵਾਸੀ ਸਾਧੂ ਸਿੰਘ ਵੱਲੋਂ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਕੋਲ ਸ਼ਿਕਾਇਤ ਕੀਤੀ ਗਈ ਸੀ। ਉਪਰੰਤ ਇਸ ਡਰੇਨ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ ਦਾ ਕੰਮ ਅੱਗੇ ਵਧਿਆ। ਹੁਣ ਮਾਲ ਵਿਭਾਗ ਅਤੇ ਡਰੇਨ ਵਿਭਾਗ ਵੱਲੋਂ ਡਰੇਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਨਿਸ਼ਾਨਦੇਹੀ ਦਾ ਕੰਮ ਆਰੰਭਿਆ ਗਿਆ ਹੈ। ਇਸ ਤਹਿਤ ਬੀਤੇ ਦਿਨੀਂ ਸੱਦੋਵਾਲ ਅਤੇ ਛੀਨੀਵਾਲ ਖੁਰਦ ਵਿੱਚ ਨਿਸ਼ਾਨਦੇਹੀ ਕਰ ਲਈ ਗਈ ਹੈ।
ਸ਼ਿਕਾਇਤਕਰਤਾ ਸਾਧੂ ਸਿੰਘ ਮੂੰਮ ਨੇ ਕਿਹਾ ਕਿ ਡਰੇਨ ’ਤੇ ਨਾਜਾਇਜ਼ ਕਬਜ਼ੇ ਕਾਰਨ ਹਰ ਵਰ੍ਹੇ ਉਸ ਸਮੇਤ ਹੋਰ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਬਾਰਿਸ਼ਾਂ ਦੌਰਾਨ ਹੜ੍ਹਾਂ ਦੀ ਮਾਰ ਹੇਠ ਆ ਕੇ ਬਰਬਾਦ ਹੋ ਜਾਂਦੀ ਹੈ। ਜਦੋਂ ਤੱਕ ਨਿਸ਼ਾਨਦੇਹੀ ਕਰਵਾ ਕੇ ਕਬਜ਼ੇ ਨਹੀਂ ਛੁਡਵਾਏ ਜਾਂਦੇ ਉਦੋਂ ਤੱਕ ਪੂਰੀ ਪੈਰਵਾਈ ਕੀਤੀ ਜਾਵੇਗੀ।
ਕੀ ਕਹਿੰਦੇ ਨੇ ਅਧਿਕਾਰੀ
ਮਾਲ ਵਿਭਾਗ ਦੇ ਕਾਨੂੰਨਗੋ ਭੋਲਾ ਸਿੰਘ ਨੇ ਦੱਸਿਆ ਕਿ ਛੀਨੀਵਾਲ ਖ਼ੁਰਦ ਵਿੱਚ ਡਰੇਨ ’ਤੇ ਹੋਏ ਕਬਜ਼ੇ ਵਿੱਚੋਂ ਕਰੀਬ ਅੱਧਾ ਏਕੜ ਅਤੇ ਸੱਦੋਵਾਲ ਵਿੱਚ ਕਰੀਬ ਪੰਜ ਏਕੜ ਰਕਬੇ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ। ਅੱਜ ਗਾਗੇਵਾਲ ਵਿੱਚ ਡਰੇਨ ’ਤੇ ਕਬਜ਼ੇ ਦੀ ਨਿਸ਼ਾਨਦੇਹੀ ਕੀਤੀ ਜਾਣੀ ਸੀ ਪਰ ਮਾਲ ਵਿਭਾਗ ਦੇ ਰਿਕਾਰਡ ਨੂੰ ਲੈ ਕੇ ਪੰਚਾਇਤ ਅਤੇ ਕੁੱਝ ਕਿਸਾਨਾਂ ਵੱਲੋਂ ਇਤਰਾਜ਼ ਉਠਾਇਆ ਗਿਆ ਜਿਸ ਕਰਕੇ ਨਿਸ਼ਾਨਦੇਹੀ ਦਾ ਕੰਮ ਰੋਕ ਦਿੱਤਾ ਗਿਆ ਹੈ।