ਖੇਤਰੀ ਪ੍ਰਤੀਨਿਧ
ਬਰਨਾਲਾ, 8 ਮਾਰਚ
ਬਰਨਾਲਾ ਰੇਲਵੇ ਸਟੇਸ਼ਨ ‘ਤੇ ਲੱਗੇ ਕਿਸਾਨ ਧਰਨੇ ਦੇ 159ਵਾਂ ਦਿਨ ਅੱਜ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਸਮੁੱਚਾ ਸੰਚਾਲਨ ਕਿਸਾਨ ਔਰਤਾਂ ਦੇ ਹੱਥ ਰਿਹਾ| ਪ੍ਰੇਮਪਾਲ ਕੌਰ ਨੇ ਸਟੇਜ ਸੰਭਾਲੀ| ਮੈਡਮ ਅਮਰਜੀਤ ਕੌਰ, ਐੱਲ.ਬੀ.ਐੱਸ. ਕਾਲਜ ਤੋਂ ਮੈਡਮ ਅਰਚਨਾ, ਮਨਜੀਤ ਕੌਰ ਰਾਣੀ, ਮਨਵੀਰ ਕੌਰ ਰਾਹੀ, ਗਮਦੂਰ ਕੌਰ, ਪਰਮਜੀਤ ਕੌਰ ਜੋਧਪੁਰ ਤੇ ਮਹਿਕਦੀਪ ਨੇ ਧਰਨੇ ਨੂੰ ਸੰਬੋਧਨ ਕੀਤਾ| ਮਹਿਲਾ ਬੁਲਾਰਿਆਂ ਨੇ ਕਿਹਾ ਕਿ ਲੜਕੀਆਂ ਨੂੰ ਸਾਡੇ ਸਮਾਜ ਅੰਦਰ ਬਚਪਨ ਤੋਂ ਹੀ ਗੁਲਾਮੀ ਸਹਿਣ ਕਰਨ ਦੀ ਆਦਤ ਪਾਈ ਜਾਂਦੀ ਹੈ| ਉਸ ਨਾਲ ਪੈਰ-ਪੈਰ ‘ਤੇ ਵਿਤਕਰਾ ਕੀਤਾ ਜਾਂਦਾ ਹੈ| ਉਸ ਨੂੰ ਮਾਂ ਦੇ ਗਰਭ ਵਿੱਚ ਹੀ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ| ਜਦੋਂ ਕਿ ਔਰਤਾਂ ਨੇ ਆਪਣੇ ਆਪ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਿਹਤਰੀਨ ਸਿੱਧ ਕੀਤਾ ਹੈ| ਉਨ੍ਹਾਂ ਕਿਹਾ ਕਿ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਚਲ ਰਹੇ ਕਿਸਾਨੀ ਸੰਘਰਸ਼ ਵਿੱਚ ਗਿਣਨਯੋਗ ਹਿੱਸਾ ਔਰਤਾਂ ਦਾ ਵੀ ਹੈ ਜਿਹੜੀਆਂ ਜ਼ਿੰਦਗੀ ਮੌਤ ਦੇ ਸੰਘਰਸ਼ ਵਿੱਚ ਆਪਣੀ ਭੂਮਿਕਾ ਨਿਭਾ ਰਹੀਆਂ ਹਨ| ਮੌਜੂਦਾ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਭਾਗੀਦਾਰੀ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ| ਉਹ ਧਰਨਿਆਂ ਵਿੱਚ ਮਰਦ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਆਪਣੀਆਂ ਫਸਲਾਂ ਤੇ ਨਸਲਾਂ ਦੀ ਰਾਖੀ ਲਈ ਲੜ ਰਹੀਆਂ ਹਨ| ਮੌਜੂਦਾ ਅੰਦੋਲਨ ਦੌਰਾਨ ਔਰਤਾਂ ਦੇ ਬੋਲਾਂ ਨੇ ਸਰਕਾਰਾਂ ਨੂੰ ਵਖ਼ਤ ਪਾਇਆ ਹੋਇਆ ਹੈ ਫਿਰ ਚਾਹੇ ਉਹ ਔਰਤ ਰਿਆਨਾ ਹੋਵੇ, ਗਰੇਟਾ, ਰਵੀ ਦਿਸ਼ਾ, ਮੀਆ ਖਲੀਫਾ, ਨੌਦੀਪ ਜਾਂ ਕੋਈ ਹੋਰ ਹੋਵੇ|
ਇਸੇ ਦੌਰਾਨ ਚਾਰ ਮਜ਼ਦੂਰ ਜਥੇਬੰਦੀਆਂ ਵੱਲੋਂ ਸਰਕਾਰੀ ਹਸਪਤਾਲ ਦੀ ਪਾਰਕ ਵਿੱਚ ਰੈਲੀ ਕਰਕੇ ਸ਼ਹਿਰ ਵਿਚ ਮਨੁੱਖੀ ਕੜੀ ਬਣਾਕੇ ਵਿਸ਼ਵ ਇਸਤਰੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਔਰਤ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਗਰੀਬਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਤਰ੍ਹਾਂ ਦੇਸ਼ ਭਰ ਦੇ ਗਰੀਬ ਲੋਕ ਵੀ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਗੇ| ਇਸ ਮੌਕੇ ਹਰਪ੍ਰੀਤ ਕੌਰ ਛੰਨਾ, ਕੁੁਲਵਿੰਦਰ ਕੌਰ ਮਹਿਤਾ, ਪਰਕਾਸ਼ ਸਿੰਘ ਸੱਦੋਵਾਲ, ਜਗਰਾਜ ਸਿੰਘ ਰਾਮਾ, ਜੱਗਾ ਸਿੰਘ ਗੁੁਰਮਾ, ਜਸਵਿੰਦਰ ਸਿੰਘ ਹਮੀਦੀ, ਰਾਣੀ ਕੌਰ ਘੁੰਨਸ, ਬਲਜੀਤ ਕੌਰ ਹੰਡਿਆਇਆ ਆਦਿ ਆਗੂ ਹਾਜ਼ਰ ਸਨ|
ਮਾਨਸਾ (ਪੱਤਰ ਪੇ੍ਰਕ): ਕਿਸਾਨ ਮਾਰੂ ਖੇਤੀ ਕਾਨੂੰਨਾਂ ਦੀ ਵਾਪਸ ਲਈ ਚੱਲ ਰਹੇ ਅੰਦੋਲਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਮਾਲਵਾ ਖੇਤਰ ਦੇ ਵੱਖ-ਵੱਖ ਥਾਂਵਾਂ ’ਤੇ ਦਿੱਤੇ ਗਏ ਧਰਨਿਆਂ ਦੌਰਾਨ ਔਰਤਾਂ ਮੋਦੀ ਸਰਕਾਰ ਖਿਲਾਫ਼ ਗਰਜੀਆਂ। ਵੱਖ-ਵੱਖ ਜਥੇਬੰਦੀਆਂ ਦੇ ਇਹ ਧਰਨੇ ਔਰਤ ਦਿਵਸ ਨੂੰ ਸਮਰਪਿਤ ਕੀਤੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਕਹਿਣਾ ਹੈ ਕਿ ਜਥੇਬੰਦੀ ਵੱਲੋਂ ਪੂਰਾ ਤਾਣ ਲਾ ਕੇ ਔਰਤ ਸ਼ਕਤੀ ਨੂੰ ਉਭਾਰਨ ਦਾ ਮਕਸਦ ਘੋਲ ਨੂੰ ਹੋਰ ਬੁਲੰਦੀਆਂ ’ਤੇ ਪਹੁੰਚਾਉਣਾ ਹੈ। ਮਾਨਸਾ ਵਿਖੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਵੱਲੋਂ ਔਰਤਾਂ ਨਾਲ ਹੁੰਦੇ ਸਮਾਜਿਕ,ਆਰਥਿਕ ਵਿਤਕਰਿਆਂ ’ਤੇ ਮਰਦਾਵੇਂ ਜਗੀਰੂ-ਦਾਬੇ ਤੋਂ ਮੁਕਤੀ ਨਾਲ ਜੁੜੇ ਹੋਏ ਇਸ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਮਨਪ੍ਰੀਤ ਕੌਰ ਖਿਆਲਾ, ਕਿਰਨਾ ਰਾਣੀ, ਐਡਵੋਕੇਟ ਕੁਲਵਿੰਦਰ ਸਿੰਘ ਉਡਤ, ਰਤਨ ਭੋਲਾ, ਕਿ੍ਰਸ਼ਨ ਚੌਹਾਨ ਨੇ ਵੀ ਸੰਬੋਧਨ ਕੀਤਾ।
ਮਹਿਲ ਕਲਾਂ (ਪੱਤਰ ਪੇ੍ਰਕ): ਇਥੇ ਟੌਲ ਪਲਾਜ਼ਾ ਅੱਗੇ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਚੱਲ ਰਹੇ ਪੱਕੇ ਮੋਰਚੇ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ। ਕਿਸਾਨ ਧਰਨੇ ਦੌਰਾਨ ਸਟੇਜ ਚਲਾਉਣ ਅਤੇ ਬੋਲਣ ਦੀ ਜ਼ਿੰਮੇਵਾਰੀ ਵੀ ਔਰਤ ਕਿਸਾਨਾਂ ਵੱਲੋਂ ਹੀ ਨਿਭਾਈ ਗਈ।ਇਸ ਮੌਕੇ ਜਸਬੀਰ ਕੌਰ, ਮਹਿੰਦਰ ਕੌਰ, ਪ੍ਰਦੀਪ ਕੌਰ ਧਨੇਰ, ਸੀਮਾ ਰਾਣੀ, ਰਿਪਨਪ੍ਰੀਤ ਕੌਰ, ਜਗਸੀਰ ਸਿੰਘ ਸੀਰਾ ਛੀਨੀਵਾਲ, ਜਗਰਾਜ ਹਰਦਾਸਪੁਰਾ ਅਤੇ ਗੁਰਮੇਲ ਸਿੰਘ ਠੁੱਲੀਵਾਲ ਨੇ ਸੰਬੋਧਨ ਕੀਤਾ।
ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਵਿਸ਼ਾਲ ਰੈਲੀ
ਮੋਗਾ (ਪੱਤਰ ਪੇ੍ਰਕ): ਅੰਤਰਰਾਸਟਰੀ ਔਰਤ ਦਿਵਸ ਮੌਕੇ ਕਿਸਾਨ ਸਹਾਇਤਾ ਸੰਘਰਸ਼ ਕਮੇਟੀ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ। ਇਹ ਰੈਲੀ ਨੇਚਰ ਪਾਰਕ ਤੋਂ ਸ਼ੁਰੂ ਹੋ ਕੇ ਮੇਨ ਚੌਕ ਵਿਖੇ ਪਹੁੰਚੀ, ਜਿੱਥੇ ਪਹਿਲਾਂ ਹੀ ਚੱਲ ਰਹੇ ਲੜੀਵਾਰ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਔਰਤਾਂ ਨੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਅਤੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਸਹਾਇਤਾ ਸੰਘਰਸ਼ ਕਮੇਟੀ ਆਗੂ ਬੇਅੰਤ ਕੌਰ ਗਿੱਲ, ਐਡਵੋਕੇਟ ਮੀਨਾ ਸ਼ਰਮਾ, ਸਰਬਜੀਤ ਕੌਰ ਮਾਹਲਾ, ਨਰਜੀਤ ਕੌਰ, ਹਰਜੀਤ ਕੌਰ, ਕਰਮਜੀਤ ਕੌਰ, ਜਸਲੀਨ ਕੌਰ ਸੰਘਾ, ਮਹਿੰਦਰ ਪਾਲ ਲੂੰਬਾ, ਐਡਵੋਕੇਟ ਹਰਜੀਤ ਸਿੰਘ ਨਿਧਾਂਵਾਲਾ ਨੇ ਸੰਬੋਧਨ ਕੀਤਾ। ਇਸੇ ਦੌਰਾਨ ਬੀਕੇਯੂ ਏਕਤਾ ਉਗਰਾਹਾਂ ਆਗੁੂ ਬਲੌਰ ਸਿੰਘ ਘਾਲੀ ਅਤੇ ਗੁਰਮੀਤ ਸਿੰਘ ਕਿਸ਼ਨਪੁਰਾ ਅਤੇ ਲਖਵੀਰ ਸਿੰਘ ਖੋਸਾ ਪਾਂਡੋ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ 134ਵੇਂ ਤੇ ਅਡਾਨੀ ਅਨਾਜ ਭੰਡਾਰ ਅੱਗੇ ਪੱਕਾ ਧਰਨਾ ਜਾਰੀ ਰਿਹਾ। ਇਸ ਮੌਕੇ ਜਸਪ੍ਰੀਤ ਕੌਰ,ਪਰਮਜੀਤ ਕੌਰ ਲੰਡੇਕੇ, ਰਿੰਪੀ ਗਰੇਵਾਲ ਅਤੇ ਬਲਦੇਵ ਕੌਰ ਲੰਢੇਕੇ ਨੇ ਸੰਬੋਧਨ ਕੀਤਾ।