ਜੋਗਿੰਦਰ ਸਿੰਘ ਮਾਨ
ਮਾਨਸਾ, 4 ਨਵੰਬਰ
ਗਰੀਬ ਔਰਤਾਂ ਸਿਰ ਚੜ੍ਹੇ ਫਾਇਨਾਂਸ ਕੰਪਨੀਆਂ ਦੇ ਕਰਜ਼ਿਆਂ ਦੀ ਮੁਆਫ਼ੀ ਸਮੇਤ ਹੋਰ ਮਾਮਲਿਆਂ ਸਬੰਧੀ ਅੱਜ ਕਰਵਾ ਚੌਥ ਵਾਲੇ ਦਿਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਮਹਿਲਾਵਾਂ ਨੇ ਪੰਜਾਬ ਸਰਕਾਰ ਦੇ ਪਾਪਾਂ ਦਾ ਘੜਾ ਭੰਨਿਆ। ਜਥੇਬੰਦੀ ਦਾ ਕਹਿਣਾ ਹੈ ਕਿ ਚੋਣ ਵਾਅਦੇ ਮੁਤਾਬਕ ਘਰੇਲੂ ਬਿਜਲੀ ਰੇਟ ਅੱਧੇ ਕਰਨ, ਲੌਕਡਾਊਨ ਦੌਰਾਨ ਭੇਜੇ ਬਿੱਲ ਨਾ ਭਰਨ ਕਾਰਨ ਗਰੀਬਾਂ ਦੇ ਪੁੱਟੇ ਜਾ ਰਹੇ ਮੀਟਰਾਂ ਅਤੇ ਬੁਢਾਪਾ ਪੈਨਸ਼ਨਾਂ ਦੀ ਵਾਪਸੀ ਲਈ ਭੇਜੇ ਜਾ ਰਹੇ ਨੋਟਿਸਾਂ ਨੇ ਔਰਤਾਂ ਦੀ ਜਾਨ ਸੂਲੀ ‘ਤੇ ਟੰਗ ਰੱਖੀ ਹੈ।
ਅੱਜ ਮਾਨਸਾ ਵਿੱਚ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਅੱਜ ਪੰਜਾਬ ਦੇ ਮਾਨਸਾ ਸਮੇਤ 12 ਜ਼ਿਲ੍ਹਿਆਂ ਵਿੱਚ ਔਰਤਾਂ ਵੱਲੋਂ ਪੰਜਾਬ ਸਰਕਾਰ ਦੇ ਪਾਪਾਂ ਦੇ ਘੜੇ ਭੰਨੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਖੇਤੀ ਕਾਨੂੰਨਾਂ ਖਿਲਾਫ਼ ਖੜ ਕੇ ਕੈਪਟਨ ਸਰਕਾਰ ਭਾਵੇਂ ਕਿਸਾਨ ਹਮਾਇਤੀ ਹੋਣ ਦਾ ਸਬੂਤ ਦੇ ਰਹੀ ਹੈ, ਪਰ ਪੰਜਾਬ ਦੇ ਦਲਿਤਾਂ, ਬੇਜ਼ਮੀਨੇ ਗਰੀਬਾਂ, ਮਜ਼ਦੂਰਾਂ ਦੇ ਔਰਤ ਕਰਜ਼ਾ ਮੁਆਫ਼ੀ, ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ‘ਚ ਕੀਤੀਆਂ ਸੋਧਾਂ, ਰਾਜ ਅੰਦਰ ਬਿਜਲੀ ਰੇਟ ਅੱਧੇ ਕਰਨ ਅਤੇ ਲੌਕਡਾਊਨ ਸਮੇਂ ਦੇ ਬਿਜਲੀ ਬਿੱਲ ਮੁਆਫ਼ ਕਰਨ ਦੇ ਮੁੱਦਿਆਂ ‘ਤੇ ਚੁੱਪ ਧਾਰ ਕੇ ਕੈਪਟਨ ਸਰਕਾਰ ਗਰੀਬ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਮੋਦੀ ਦੇ ਰਾਜ ਅੰਦਰ ਜ਼ਮੀਨਾਂ ਅਤੇ ਧੀਆਂ ਨੂੰ ਬਚਾਉਣ ਲਈ ਇਕੱਠੇ ਹੋਣਾ ਜ਼ਰੂਰੀ ਹੈ। ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਗੁਰਸੇਵਕ ਸਿੰਘ ਮਾਨ, ਕ੍ਰਿਸ਼ਣਾ ਕੌਰ, ਗੁਲਾਬ ਖੀਵਾ, ਮਹਿੰਦਰ ਕੌਰ ਖੋਖਰ, ਵਿੰਦਰ ਅਲਖ਼, ਗੁਲਾਬ ਖੀਵਾ, ਮੇਲਾ ਸਿੰਘ ਹੀਰੋ,ਜਸਵਿੰਦਰ ਮੌਜੀਆਂ ਤੇ ਬੂਟਾ ਸਿੰਘ ਦੂਲੋਵਾਲ ਨੇ ਵੀ ਸੰਬੋਧਨ ਕੀਤਾ।
ਬਰਨਾਲਾ (ਪਰਸ਼ੋਤਮ ਬੱਲੀ): ਔਰਤ ਕਰਜ਼ਾ ਮੁਕਤੀ ਲਈ ਸੰਘਰਸ਼ਸ਼ੀਲ ਔਰਤਾਂ ਵੱਲੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੀ ਅਗਵਾਈ ਹੇਠ ਅੱਜ ਕਰਵਾਚੌਥ ਦੇ ਵਰਤ ਵਾਲੇ ਦਿਨ ਪੰਜਾਬ ਸਰਕਾਰ ਖਿਲਾਫ਼ ‘ਪਾਪ ਦੇ ਘੜੇ’ ਭੰਨ ਕੇ ਰੋਸ ਮੁਜ਼ਾਹਰਾ ਕੀਤਾ। ਲਬਿਰੇਸ਼ਨ ਦੇ ਸੂਬਾਈ ਆਗੂ ਮੱਖਣ ਸਿੰਘ ਰਾਮਗੜ੍ਹ ਨੇ ਕਿਹਾ ਕਿ ਪੰਜਾਬ ਦੀਆਂ ਗਰੀਬ ਕਰਜ਼ਈ ਔਰਤਾਂ ਮਈ ਮਹੀਨੇ ਤੋਂ ਲੈ ਕੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੀਆਂ ਹਨ ਪਰ ਪੰਜਾਬ ਸਰਕਾਰ ਇਨ੍ਹਾਂ ਗਰੀਬ ਔਰਤਾਂ ਦੀ ਸਮੱਸਿਆ ਦਾ ਹੱਲ ਤਾਂ ਦੂਰ, ਗੁੱਲ ਸੁਣਨ ਨੂੰ ਤਿਆਰ ਨਹੀਂ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਔਰਤਾਂ ਦੇ ਕਰਜ਼ੇ ਮੁਆਫ਼ ਨਾ ਕੀਤੇ ਤਾਂ ਦਸੰਬਰ ਦੇ ਪਹਿਲੇ ਹਫ਼ਤੇ ਸੂਬਾਈ ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ। ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਆਗੂ ਹਰਚਰਨ ਸਿੰਘ ਰੂੜੇਕੇ ਨੇ ਕਿਹਾ ਕਿ ਕੋਵਿਡ-19 ਹਾਲਾਤ ਦੇ ਸਿੱਟੇ ਵਜੋਂ ਚੌਪਟ ਹੋਏ ਕੰਮ ਧੰਦਿਆਂ ਕਾਰਨ ਇਨ੍ਹਾਂ ਕਰਜ਼ਈ ਗਰੀਬ ਔਰਤਾਂ ਦੀ ਹਾਲਤ ਦਿਨੋਂ-ਦਿਨ ਨਿੱਘਰ ਰਹੀ ਹੈ। ਉਪਰੋਂ ਵਿੱਤੀ ਕੰਪਨੀਆਂ ਦੇ ਕਰਿੰਦੇ ਕਿਸ਼ਤਾਂ ਵਸੂਲੀ ਲਈ ਤੰਗ ਪ੍ਰੇਸ਼ਾਨ ਤੇ ਜਲੀਲ ਕਰ ਰਹੇ ਹਨ।
ਜ਼ਿਲ੍ਹਾ ਆਗੂ ਜਗਰਾਜ ਸਿੰਘ ਤਾਜੋਕੇ ਨੇ 5 ਦੇ ਭਾਰਤ ਬੰਦ ਦੇ ਸੱਦੇ ‘ਚ ਭਰਵੀਂ ਸ਼ਮੂਲੀਅਤ ਦਾ ਸੱਦਾ ਦਿੱਤਾ। ਅਖੀਰ ‘ਚ ਪੰਜਾਬ ਦੇ ਕੈਪਟਨ ਸਰਕਾਰ ਤੇ ਕੇਂਦਰੀ ਮੋਦੀ ਸਰਕਾਰ ਦੇ ‘ਪਾਪਾਂ ਦੇ ਘੜੇ’ ਭੰਨ ਕੇ ਔਰਤਾਂ ਪਿੱਟ ਸਿਆਪਾ ਕੀਤਾ।
ਗੁਰਜੰਟ ਸਿੰਘ ਰਾਮਗੜ੍ਹ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਬੁਲਾਰਿਆਂ ‘ਚ ਰਾਣੀ ਕੌਰ ਕੁੱਬੇ, ਪਾਲ ਕੌਰ ਤਾਜੋਕੇ, ਸ਼ਿੰਦਰ ਕੌਰ ਤਾਜੋਕੇ, ਜਸਵਿੰਦਰ ਸਿੰਘ ਜੱਸੀ, ਮਨਦੀਪ ਭਦੌੜ, ਜਗਸੀਰ ਸਿੰਘ, ਅੰਗਰੇਜ਼ ਸਿੰਘ, ਬੱਬੂ ਸਹੌਰ, ਕਿਰਨ ਬਖਤਗੜ੍ਹ ਤੇ ਗੋਰਾ ਸਿੰਘ ਰਾਮਗੜ੍ਹ ਆਦਿ ਸ਼ਾਮਿਲ ਸਨ।