ਪਵਨ ਗੋਇਲ
ਭੁੱਚੋ ਮੰਡੀ, 2 ਜੂਨ
ਔਰਤ ਸਵਾਰੀ ਵੱਲੋਂ ਬੱਸ ਡਰਾਈਵਰ ਨੂੰ ਥੱਪੜ ਮਾਰੇ ਜਾਣ ਦੇ ਵਿਰੋਧ ਵਿੱਚ ਅੱਜ ਪੀਆਰਟੀਸੀ ਬੱਸ ਚਾਲਕਾਂ ਨੇ ਭੁੱਚੋ ਕੈਂਚੀਆਂ ਚੌਕ ਵਿੱਚ ਜਾਮ ਲਗਾ ਦਿੱਤਾ। ਇਸ ਨਾਲ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਦੀ ਆਵਾਜਾਈ ਠੱਪ ਹੋ ਗਈ। ਇਹ ਜਾਮ 15 ਕੁ ਮਿੰਟ ਜਾਰੀ ਰਿਹਾ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਵੀ ਹੋਈ।
ਇਸ ਮੌਕੇ ਪੀੜਤ ਬੱਸ ਡਰਾਈਵਰ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਡਿਪੂ ਦੀ ਬੱਸ ਨੰਬਰ ਪੀਬੀ 11 ਸੀਐਫ 9625 ਨੂੰ ਲੈ ਕੇ ਬਠਿੰਡਾ ਤੋਂ ਲੁਧਿਆਣਾ ਜਾ ਰਹੇ ਸਨ। ਇਸ ਦੌਰਾਨ ਇੱਕ ਔਰਤ ਨੇ ਕੰਡਕਟਰ ਨੂੰ ਕਿਹਾ ਕਿ ਉਸਨੂੰ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਮਾਰਕੀਟ ਕੋਲ ਉਤਾਰ ਦੇਵੇ। ਕੰਡਕਟਰ ਨੇ ਕਿਹਾ ਕਿ ਉਨ੍ਹਾਂ ਦੇ ਟਾਈਮ ਟੇਬਲ ਵਿੱਚ ਇਹ ਸਟਾਪੇਜ਼ ਨਹੀਂ ਹੈ ਉਨ੍ਹਾਂ ਅੱਗੇ ਲੁਧਿਆਣੇ ਪਹੁੰਚਣਾ ਹੈ। ਸਮਾਂ ਪਹਿਲਾਂ ਹੀ ਬਹੁਤ ਘੱਟ ਹੈ। ਬੱਸ ਚਾਲਕ ਨੇ ਦੱਸਿਆ ਕਿ ਜਦੋਂ ਉਹ ਰੌਲਾ ਮੁਕਾਉਣ ਲਈ ਉਸ ਔਰਤ ਨੂੰ ਸਮਝਾਉਣ ਲੱਗਿਆ, ਤਾਂ ਉਸ ਨੇ ਉਸ ਦੇ ਥੱਪੜ ਮਾਰ ਦਿੱਤਾ। ਉਸ ਔਰਤ ਨੇ ਇਹ ਧਮਕੀ ਵੀ ਦਿੱਤੀ ਕਿ ਉਹ ਸਰਕਾਰੀ ਟੀਚਰ ਹੈ, ਆਪਣੇ ਪਰਿਵਾਰ ਨੂੰ ਲਿਆ ਕੇ ਤੁਹਾਡੇ ਨਾਲ ਗੱਲ ਕਰਾਂਗੇ। ਜਦੋਂ ਅਸੀਂ ਜਾਮ ਲਗਾ ਦਿੱਤਾ, ਤਾਂ ਪਤਾ ਨਹੀਂ ਇਹ ਔਰਤ ਕਦੋਂ ਇੱਥੋਂ ਖਿਸਕ ਗਈ। ਜਾਮ ਦੌਰਾਨ ਬੱਸਾਂ ਵਾਲਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਔਰਤਾਂ ਅਕਸਰ ਹੀ ਸਟਾਫ ਨਾਲ ਦੁਰਵਿਹਾਰ ਕਰਦੀਆਂ ਹਨ। ਇਸ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ। 15 ਮਿੰਟਾਂ ਬਾਅਦ ਉਨ੍ਹਾਂ ਜਾਮ ਖਤਮ ਕਰ ਦਿੱਤਾ।