ਇਕਬਾਲ ਸਿੰਘ ਸ਼ਾਂਤ
ਲੰਬੀ, 11 ਜੂਨ
ਖੇਤਰ ਦੇ ਸਰਹੱਦੀ ਪਿੰਡਾਂ ਵੜਿੰਗਖੇੜਾ, ਮਿੱਡੂਖੇੜਾ ਅਤੇ ਫੱਤਾਕੇਰਾ ’ਚ ਬੀਤੇ ਦਿਨ ਆਈ ਤੇਜ਼ ਹਨੇਰੀ ਨੇ ਖੇਤਾਂ ’ਚ ਬਿਜਲਈ ਸੇਵਾਵਾਂ ਨੂੰ ਤਹਿਸ-ਨਹਿਸ ਕਰ ਦਿੱਤਾ ਅਤੇ ਕਾਫ਼ੀ ਗਿਣਤੀ ਦਰੱਖਤ ਜੜੋਂ ਪੁੱਟ ਸੁੱਟੇ। ਤਕਰੀਬਨ ਵੀਹ ਮਿੰਟ ਦੀ ਹਨੇਰੀ ਨੇ ਰੱਜ ਕੇ ਅਫਰਾ-ਤਫ਼ਰਾ ਮਚਾਈ। ਦੋ ਦਰਜਨ ਬਿਜਲੀ ਟਰਾਂਸਫਾਰਮਰ ਅਤੇ ਦਰਜਨਾਂ ਬਿਜਲੀ ਖੰਭੇ ਸੁੱਟ ਦਿੱਤੇ ਜਿਸ ਨਾਲ ਪਾਵਰਕਾਮ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਖੇਤੀ ਸੈਕਟਰ ਦੀ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਪਾਵਰਕੌਮ ਨੂੰ ਤਿੰਨ-ਚਾਰ ਦਿਨ ਦਾ ਸਮਾਂ ਲੱਗੇਗਾ। ਪਿੰਡ ਵੜਿੰਗਖੇੜਾ ਦੇ ਕਿਸਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਤਰਕੀਬਨ ਇੱਕ ਕਿਲੋਮੀਟਰ ਦੇ ਦਾਇਰੇ ਹਨੇਰੀ ਨੇ ਤਕਰੀਬਨ ਵੀਹ ਮਿੰਟ ਵਿੱਚ ਦਰੱਖਤਾਂ ਨੂੰ ਜੜ੍ਹੋਂ ਪੁੱਟ ਦਿੱਤਾ। ਖੰਭੇ ਡਿੱਗਣ ਕਰਕੇ ਖੇਤਾਂ ਵਿੱਚ ਬਣੇ ਕਈ ਕੱਚੇ ਕੋਠੇ ਦੀ ਢਹਿ-ਢੇਰੀ ਹੋ ਗਏ। ਵੜਿੰਗਖੇੜਾ ’ਚ ਹਵਾ ਦੇ ਦਬਾਅ ਨਾਲ ਇੱਕ ਮਕਾਨ ਦੇ ਬਨੇਰੇ ਜੜੋਂ ਪੁੱਟੇ ਗਏ। ਇੱਕ ਖੇਤ ਵਿੱਚ ਮਜ਼ਦੂਰ ਡਿੱਗੇ ਖੰਭੇ ਦੀ ਮਾਰ ਤੋਂ ਵਾਲ-ਵਾਲ ਬਚੇ। ਪਾਵਰਕੌਮ ਸਬ -ਡਿਵੀਜ਼ਨ ਕਿੱਲਿਆਂਵਾਲੀ ਦੇ ਐੱਸਡੀਓ ਬਲਜੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਹਨੇਰੀ ਅਤੇ ਤੇਜ਼ ਝੱਖੜ ਕਾਰਨ ਸਬ-ਡਿਵੀਜ਼ਨ ਦੇ ਮਿੱਡੂਖੇੜਾ, ਫੱਤਾਕੇਰਾ ਤੇ ਵੜਿੰਗਖੇੜਾ ਵਿੱਚ 24 ਟਰਾਂਸਫਾਰਮਰ ਡਿੱਗਣ ਕਰਕੇ ਟੁੱਟ ਅਤੇ ਸੜ ਗਏ। ਇਸ ਤੋਂ ਇਲਾਵਾ ਕਰੀਬ 40 ਖੰਭੇ ਡਿੱਗ ਪਏ ਹਨ ਜਿਸ ਨਾਲ ਸਮੁੱਚੇ ਖੇਤਰ ’ਚ ਖੇਤੀ ਸੈਕਟਰ ਦੀ ਬਿਜਲੀ ਸੇਵਾ ਠੱਪ ਹੋ ਗਈ ਹੈ ਜਿਸ ਨੂੰ ਦਰੁੱਸਤ ਕਰਨ ’ਤੇ ਕਰੀਬ ਤਿੰਨ ਦਿਨ ਲੱਗਣਗੇ।