ਜੋਗਿੰਦਰ ਸਿੰਘ ਮਾਨ
ਮਾਨਸਾ, 23 ਮਾਰਚ
ਮਾਲਵਾ ਪੱਟੀ ਵਿਚ ਮੌਸਮ ਕਿਸਾਨੀ ਲਈ ਬੇਈਮਾਨ ਬਣਨ ਲੱਗਿਆ ਹੈ। ਇਸ ਨਾਲ ਕਿਸਾਨ ਡਰ ਗਿਆ ਹੈ। ਹਲਕੀ-ਫੁਲਕੀ ਕਿਣਮਿਣ ਨਾਲ ਚੱਲਣ ਲੱਗੀ ਤੇਜ਼ ਹਵਾ ਨੇ ਕਿਸਾਨਾਂ ਦੇ ਹੌਸਲੇ ਢਹਿ-ਢੇਰੀ ਕਰ ਦਿੱਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਮਹਿਕਮੇ ਵੱਲੋਂ ਰਾਜ ਵਿਚ ਲਗਾਤਾਰ ਅਜਿਹਾ ਮੌਸਮ ਰਹਿਣ ਦੀ ਦਿੱਤੀ ਚਿਤਾਵਨੀ ਨੇ ਪਹਿਲਾਂ ਹੀ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਹਲਕੀਆਂ ਕਣੀਆਂ ਤੇ ਤੇਜ਼ ਹਵਾ ਨੇ ਕਣਕ ਦੇ ਬੂਟੇ ਭੁੰਜੇ ਡੇਗ ਦਿੱਤੇ ਹਨ। ਜਿਹੜੀਆਂ ਕਣਕਾਂ ਨੂੰ ਤਾਜ਼ਾ ਨਹਿਰੀ ਜਾਂ ਟਿਊਬਵੈਲਾਂ ਦਾ ਪਾਣੀ ਲੱਗਿਆ ਸੀ, ਉਹ ਬਿਲਕੁਲ ਜ਼ਮੀਨ ’ਤੇ ਡਿੱਗ ਗਈਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਮਹਿਕਮੇ ਦੇ ਮਾਹਿਰਾਂ ਵੱਲੋਂ ਉਂਜ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਪੂਰੇ ਹਫ਼ਤੇ ਤੱਕ ਪਾਣੀ ਦੇਣ ਤੋਂ ਗੁਰੇਜ਼ ਕਰਨ। ਦੂਜੇ ਪਾਸੇ ਖੇਤੀ ਮਾਹਿਰਾਂ ਦਾ ਕਹਿਣਾ ਕਿ ਇਸ ਮੀਂਹ ਨਾਲ ਅਗੇਤੀਆਂ ਕਣਕਾਂ ਹੀ ਡਿੱਗੀਆਂ ਹਨ, ਜਦੋਂ ਕਿ ਮਾਲਵਾ ਪੱਟੀ ਵਿਚ ਆਮ ਤੌਰ ’ਤੇ ਬੀਜੀਆਂ ਜਾਂਦੀਆਂ ਪਿਛੇਤੀਆਂ ਕਣਕਾਂ ਦੀ ਕਿਤਿਓਂ ਵੀ ਡਿੱਗਣ ਦੀ ਕੋਈ ਜਾਣਕਾਰੀ ਨਹੀਂ ਹੈ। ਖੇਤੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਮੀਂਹ ਨਾਲ ਜਿੱਥੇ ਅਗੇਤੀਆਂ ਕਣਕਾਂ ਡਿੱਗੀਆਂ ਹਨ, ਉਥੇ ਖੜ੍ਹੀਆਂ ਕਣਕਾਂ ਸਮੇਤ ਹੋਰ ਫਸਲਾਂ ਨੂੰ ਮੀਂਹ ਦਾ ਲਾਭ ਵੀ ਹੋਇਆ ਹੈ। ਇਸ ਨਾਲ ਤੇਲੇ ਸਮੇਤ ਕਈ ਹੋਰ ਬਿਮਾਰੀਆਂ ਦਾ ਖਾਤਮਾ ਹੋ ਚੁੱਕਿਆ ਹੈ।
ਟੱਲੇਵਾਲ(ਲਖਵੀਰ ਸਿੰਘ ਚੀਮਾ): ਬੀਤੇ ਦੋ ਦਿਨਾਂ ਵਿੱਚ ਪਏ ਬੇਮੌਸਮੇ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਐਤਵਾਰ ਰਾਤ ਤੋਂ ਲਗਾਤਾਰ ਪਏ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਫ਼ਸਲ ਪੂਰੀ ਤਰਾਂ ਮਧੋਲ ਕੇ ਧਰਤੀ ’ਤੇ ਵਿਛਾ ਦਿੱਤੀ ਹੈ। ਇਸ ਤੋਂ ਇਲਾਵਾ ਸਰੋਂ ਅਤੇ ਪੁੱਟਣ ਤੋਂ ਰਹਿੰਦੀ ਆਲੂ ਦੀ ਫ਼ਸਲ ਦੇ ਵੀ ਨੁਕਸਾਨ ਦਾ ਖ਼ਦਸਾ ਹੈ। ਜਦੋਂਕਿ ਅਗੇਤੀਆਂ ਲਗਾਈਆਂ ਸਬਜ਼ੀਆਂ ਵੀ ਮੀਂਹ ਦੀ ਮਾਰ ਹੇਠ ਆ ਰਹੀਆਂ ਹਨ। ਕਿਸਾਨ ਗੁਰਮੀਤ ਸਿੰਘ ਗਾਗੇਵਾਲ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਉਹ ਦੁਖੀ ਹਨ। ਉਥੇ ਇਸ ਬੇਮੌਸਮੀ ਮਾਰ ਨੇ ਵੀ ਉਨ੍ਹਾਂ ਦੀਆਂ ਮੁਸ਼ਕਿਲਾਂ ’ਚ ਵਾਧਾ ਕੀਤਾ ਹੈ। ਕਿਸਾਨ ਸਿਕੰਦਰ ਸਿੰਘ ਮਾਨ ਨੇ ਦੱਸਿਆ ਕਿ ਕਣਕ ਦੀ ਫ਼ਸਲ ਪੱਕ ਕੇ ਰੰਗ ਵਟਾ ਰਹੀ ਹੈ, ਪਰ ਮੀਂਹ ਹਨੇਰੀ ਨੇ ਫ਼ਸਲ ਨੂੰ ਧਰਤੀ ’ਤੇ ਸੁੱਟ ਦਿੱਤਾ ਹੈ। ਸਬਜ਼ੀ ਕਾਸ਼ਤਕਾਰ ਅਵਤਾਰ ਸਿੰਘ ਨੇ ਦੱਸਿਆ ਕਿ ਅਗੇਤੀ ਸਬਜ਼ੀ ਲਈ ਲਗਾਏ ਮਹਿੰਗੇ ਭਾਅ ਦੇ ਬੀਜ ਮੀਂਹ ਨੇ ਕਰੰਡ ਕਰ ਦਿੱਤੇ ਹਨ।
ਮਮਦੋਟ(ਜਸਵੰਤ ਸਿੰਘ ਥਿੰਦ):ਬੀਤੀ ਅੱਧੀ ਰਾਤ ਤੋਂ ਚੱਲੇ ਤੇਜ਼ ਝੱਖੜ ਅਤੇ ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਕਣਕ ਦੀ ਫਸਲ ਧਰਤੀ ’ਤੇ ਵਿਛ ਗਈ ਅਤੇ ਕਈ ਥਾਵਾਂ ’ਤੇ ਸੜਕਾਂ ਕਿਨਾਰੇ ਖੜ੍ਹੇ ਰੁੱਖ ਵੀ ਜੜ੍ਹੋਂ ਪੁੱਟੇ ਗਏ। ਜਾਣਕਾਰੀ ਮੁਤਾਬਕ ਬਲਾਕ ਮਮਦੋਟ ਦੇ ਪਿੰਡ ਹੁਸੈਨਸ਼ਾਹ ਵਾਲਾ, ਰਹੀਮੇ ਕੇ ਸਦਰ ਕੇ, ਛਾਂਗਾ ਖੁਰਦ, ਪੋਜੋ ਕੇ, ਨਿਆਜ਼ੀਆਂ, ਟਿੱਬੀ ਕਲਾਂ, ਸਦਰਦੀਨ ਵਾਲਾ, ਕਾਲਾ ਟਿੱਬਾ ,ਝੋਕ ਨੋਧ ਸਿੰਘ ਖਾਈ, ਫੇਮੇ ਕੀ ਸਮੇਤ ਦਰਜਨਾਂ ਪਿੰਡਾਂ ਵਿਚ ਹਜ਼ਾਰਾਂ ਏਕੜ ਕਣਕ ਦੀ ਫਸਲ ਡਿੱਗਣ ਕਾਰਨ ਕਿਸਾਨਾਂ ਦਾ ਕਰੋੜਾਂ ਰੁਪਿਆਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਨੁਕਸਾਨੀਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਾਉਣ ਅਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਮੋਗਾ(ਮਹਿੰਦਰ ਸਿੰਘ ਰੱਤੀਆਂ): ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਮੋਗਾ ਵਿੱਚ ਕਣਕ ਦੀ ਫਸਲ, ਜਿਸ ਨੂੰ ਪਾਣੀ ਲੱਗਿਆ ਹੋਇਆ ਸੀ ਧਰਤੀ ਉੱਤੇ ਵਿਛ ਗਈ ਹੈ। ਆਲੂ ਕਾਸ਼ਤਕਾਰਾਂ ਦੀ ਨੀਂਦ ਉੱਡ ਗਈ ਹੈ, ਕਿਉਂਕਿ ਆਲੂਆਂ ਦੀ ਪੁਟਾਈ ਜ਼ੋਰਾਂ ’ਤੇ ਚੱਲ ਰਹੀ ਸੀ। ਉਨ੍ਹਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਜਲਾਲਾਬਾਦ(ਚੰਦਰ ਪ੍ਰਕਾਸ਼ ਕਾਲੜਾ): ਅੱਜ ਤੜਕਸਾਰ ਇਲਾਕੇ ਅੰਦਰ ਹੋਈ ਬਰਸਾਤ ਤੇ ਤੇਜ਼ ਹਨੇਰੀ ਨੇ ਕਈ ਥਾਈਂ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਬੇਮੌਸਮੀ ਬਰਸਾਤ ਅਤੇ ਝੱਖੜ ਹਨੇਰੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤਹਿਸ ਨਹਿਸ ਕਰ ਕੇ ਰੱਖ ਦਿੱਤੀ ਹੈ।