ਪੱਤਰ ਪ੍ਰੇਰਕ
ਬਾਘਾ ਪੁਰਾਣਾ, 24 ਅਕਤੂਬਰ
ਬੀਤੀ ਰਾਤ ਪਈ ਬਾਰਸ਼ ਨੇ ਝੋਨੇ ਅੰਦਰਲੀ ਨਮੀ ਵਿੱਚ ਵਾਧਾ ਕਰ ਦਿੱਤਾ ਗਿਆ ਹੋਣ ਕਾਰਨ ਇਸ ਨੂੰ ਵੇਚਣ ਵਿੱਚ ਕਿਸਾਨਾਂ ਨੂੰ ਇਕ ਦੋ ਦਿਨਾਂ ਮੰਡੀਆਂ ਵਿਚ ਹੋਰ ਇੰਤਜ਼ਾਰ ਕਰਨੀ ਪੈ ਸਕਦੀ ਹੈ। ਅਗੇਤਾ ਬੀਜਿਆ ਗਿਆ ਝੋਨਾ ਮੰਡੀਆਂ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ, ਪਰ ਇਸ ਦੀ ਆਮਦ ਦੀ ਰਫ਼ਤਾਰ ਅਜੇ ਢਿੱਲੀ ਹੀ ਚੱਲ ਰਹੀ ਹੈ। ਝੋਨੇ ਅੰਦਰਲੀ ਨਮੀ ਸਰਕਾਰ ਦੇ ਮਾਪਦੰਡਾਂ ਅਨੁਸਾਰ ਥੋੜ੍ਹੀ ਬਹੁਤੀ ਵੱਧ ਆ ਰਹੀ ਸੀ, ਜੋ ਇਕ ਦੋ ਦਿਨ ਤਕ ਮਾਪਦੰਡਾਂ ’ਤੇ ਖਰੀ ਉਤਰ ਆਉਂਦੀ ਸੀ, ਪਰ ਬਾਰਸ਼ ਤੇ ਠੰਢੀ ਹਵਾ ਨੇ ਝੋਨੇ ਅੰਦਰਲੀ ਨਮੀ ਨੂੰ ਹੋਰ ਵਧਾ ਦਿੱਤਾ ਹੈ, ਜੋ ਇਕ ਤਰ੍ਹਾਂ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ’ਚ ਵਾਧੇ ਦਾ ਸਬੱਬ ਬਣ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਹਨ, ਪਰ ਫਿਰ ਵੀ ਕੁਝ ਮਿਹਨਤ ਕਰ ਕੇ ਇਹ ਇਕ ਦੋ ਦਿਨਾਂ ’ਚ ਹੱਲ ਹੋ ਜਾਂਦੀਆਂ ਸਨ। ਬੀਤੀ ਸ਼ਾਮ ਪਈ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ’ਚ ਇਜ਼ਾਫ਼ਾ ਜ਼ਰੂਰ ਕੀਤਾ ਹੈ। ਝੋਨੇ ਅੰਦਰਲੀ ਪਹਿਲਾਂ ਵਾਲੀ ਨਮੀ ਨੂੰ ਧੁੱਪ ’ਚ ਖਿਲਾਰੇ ਜਾਣ ਪਿੱਛੋਂ ਘਟਾਇਆ ਗਿਆ ਸੀ, ਜੋ ਬਾਰਸ਼ ਤੇ ਸਿੱਲ੍ਹੀ ਹਵਾ ਕਾਰਨ ਮੁੜ ਵਧ ਗਈ। ਕਿਸਾਨਾਂ ਕਿਹਾ ਕਿ ਖਰੀਦ ਕਰਨ ਵਾਲੇ ਅਫ਼ਸਰਾਂ ਨੂੰ ਹੁਣ ਬਹਾਨੇਬਾਜ਼ੀ ਕਰਨ ਲਈ ਬਾਰਸ਼ ਕਾਰਣ ਹੋਰ ਵੱਡਾ ਬਹਾਨਾ ਮਿਲ ਗਿਆ ਹੈ। ਬਾਘਾ ਪੁਰਾਣਾ ਸ਼ਹਿਰ ਦੇ ਮੁੱਖ ਯਾਰਡ ਵਿੱਚੋਂ ਪੰਜਾਬ ਆਧਾਰਿਤ ਖ਼ਰੀਦ ਏਜੰਸੀਆਂ ਪਨਸਪ, ਪਨਗ੍ਰੇਨ ਤੇ ਮਾਰਕਫੈੱਡ ਦੇ ਖਰੀਦ ਕਰਨ ਵਾਲੇ ਅਧਿਕਾਰੀਆਂ ਕ੍ਰਮਵਾਰ ਨੀਰਜ ਕੁਮਾਰ, ਦਿਨੇਸ਼ ਬਬਲੂ ਤੇ ਨਵਜੋਤ ਸਿੰਘ ਨੇ ਦੱਸਿਆ ਕਿ ਮੰਡੀ ’ਚ ਆਏ ਝੋਨੇ ਅੰਦਰਲੀ ਨਮੀ ਮਿਆਰਾਂ ਅਨੁਸਾਰ ਹੈ ਤੇ ਜਿਸ ਢੇਰੀ ’ਚ ਨਮੀ ਵੱਧ ਹੁੰਦੀ ਹੈ, ਉਹ ਦੂਜੇ ਦਿਨ ਤੱਕ ਮਾਪਦੰਡਾਂ ’ਤੇ ਖਰੀ ਉਤਰਦੀ ਹੈ ਤੇ ਉਸ ਦੀ ਖਰੀਦ ਕਰ ਲਈ ਜਾਂਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਢਾਈ ਲੱਖ ਗੱਟੇ ਦੇ ਕਰੀਬ ਖਰੀਦ ਕਰ ਲਈ ਹੈ ਤੇ 65 ਪ੍ਰਤੀਸ਼ਤ ਮਾਲ ਦੀ ਚੁਕਾਈ ਹੋ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਬਾਰਦਾਨੇ ਆਦਿ ਦੇ ਪ੍ਰਬੰਧ ਵੀ ਮੁਕੰਮਲ ਹਨ। ਕੁਲ ਮਿਲਾ ਕੇ ਅਜੇ ਤੱਕ ਆਮਦ ਦੇ ਮੁਕਾਬਲੇ ਖ਼ਰੀਦ ਤਸੱਲੀਬਖ਼ਸ਼ ਹੈ। ਕਈ ਆੜ੍ਹਤੀਆਂ ਨੇ ਵੀ ਖ਼ਰੀਦ ਤੇ ਹੋਰ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ ਹੈ।
ਕੈਪਸ਼ਨ:
ਮੌਸਮ ਖਰਾਬ ਹੋਣ ਕਾਰਨ ਤਰਪਾਲ ਨਾਲ ਢੱਕਿਆ ਹੋਇਆ ਝੋਨਾ।-ਫੋਟੋ: ਚਟਾਨੀ