ਪੱਤਰ ਪ੍ਰੇਰਕ
ਭੁੱਚੋ ਮੰਡੀ, 7 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਸ਼ਹਿਰ ਵਿੱਚ ਮਾਰਚ ਕਰਕੇ ਸ਼ਹਿਰ ਵਾਸੀਆਂ ਨੂੰ ਸ਼ਾਂਤਮਈ ਭਾਰਤ ਬੰਦ ਦੌਰਾਨ ਕਾਰੋਬਾਰ ਬੰਦ ਰੱਖਣ ਅਤੇ ਜਾਮ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨ ਆਗੂ ਸਿਮਰਜੀਤ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਦਰਸ਼ਨ ਮਾਈਸਰਖਾਨਾ ਅਤੇ ਮੋਠੂ ਸਿੰਘ ਕੋਟੜਾ ਨੇ ਐਲਾਨ ਕੀਤਾ ਕਿ 8 ਦਸੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਨਥਾਣਾ ਅਤੇ ਰਾਮਪੁਰਾ ਬਲਾਕ ਦੇ ਕਿਸਾਨਾਂ ਵੱਲੋਂ ਜਾਮ ਲਗਾਇਆ ਜਾਵੇਗਾ। ਇਸ ਦੌਰਾਨ ਐਂਬੂਲੈਂਸ, ਐਮਰਜੈਂਸੀ ਸੇਵਾਵਾਂ, ਵਿਆਹ ਵਾਲੇ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਨਹੀਂ ਰੋਕਿਆ ਜਾਵੇਗਾ। ਉਨ੍ਹਾਂ ਸ਼ਬਜੀ ਕਾਸ਼ਤਕਾਰਾਂ ਅਤੇ ਦੋਧੀ ਵੀਰਾਂ ਨੂੰ ਵੀ ਆਪਣੇ ਕਾਰੋਬਾਰ ਬੰਦ ਕਰਕੇ ਕਿਸਾਨਾਂ ਦਾ ਸਾਥ ਦੇਣ ਦਾ ਸੱਦਾ ਦਿੱਤਾ। ਅੱਜ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਅੱਗੇ ਧਰਨੇ ਜਾਰੀ ਰਹੇ। ਇਨ੍ਹਾਂ ਮੋਰਚਿਆਂ ਨੂੰ ਕਿਸਾਨ ਬੀਬੀਆਂ ਨੇ ਸੰਭਾਲਿਆ।