ਪੱਤਰ ਪੇ੍ਰਕ
ਝੁਨੀਰ, 8 ਜੂਨ
ਇਸ ਖੇਤਰ ਕੋਲੋਂ ਵਗਦੇ ਘੱਗਰ ਦਰਿਆ ਵਿੱਚ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਪੈਣ ਕਾਰਨ ਘੱਗਰ ਦਾ ਪਾਣੀ ਮੁੜ ਦੁੂਸ਼ਿਤ ਹੋ ਗਿਆ ਹੈ। ਲੌਕਡਾਊਨ ਦੌਰਾਨ ਘੱਗਰ ਦਾ ਪਾਣੀ ਨਿੱਤਰ ਗਿਆ ਸੀ ਤੇ ਹੁਣ ਫੈਕਟਰੀਆਂ ਮੁੜ ਚਾਲੂ ਹੋਣ ਕਾਰਨ ਪਾਣੀ ਗੰਦਾ ਹੋ ਗਿਆ ਹੈ ਤੇ ਇਸ ਵਿੱਚੋਂ ਗੰਦੀ ਬਦਬੂ ਆ ਰਹੀ ਹੈ।
ਸੂਬਾਈ ਬਜ਼ੁਰਗ ਕਿਸਾਨ ਆਗੂ ਮਲੂਕ ਸਿੰਘ ਹੀਰਕਾ ਅਤੇ ਕਾਮਰੇਡ ਜੁਗਰਾਜ ਸਿੰਘ ਹੀਰਕਾ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਘੱਗਰ ਦਰਿਆ ਦੇ ਗੰਦੇ ਪਾਣੀ ਵਿੱਚੋਂ ਬਦਬੂਦਾਰ ਅਤੇ ਹਾਨੀਕਾਰਕ ਹਵਾਵਾਂ ਨਿਕਲਣ ਕਾਰਨ ਪਿੰਡ ਹੀਰਕਾ, ਬਰਨ ਅਤੇ ਕਲੀਪੁਰ ਡੁੰਮ ਸਮੇਤ ਦਰਜਨਾਂ ਪਿੰਡਾਂ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ। ਬਜ਼ੁਰਗ ਕਿਸਾਨ ਆਗੂਆਂ ਨੇ ਦੱਸਿਆ ਕਿ ਜ਼ਹਿਰੀਲੇ ਪਾਣੀ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਜੋੜਾਂ ਦੇ ਦਰਦ, ਚਮੜੀ, ਛਾਤੀ, ਫੇਫੜਿਆਂ ਅਤੇ ਕੈਂਸਰ ਵਰਗੇ ਰੋਗਾਂ ਦਾ ਕਾਫ਼ੀ ਫੈਲਾਅ ਹੋ ਚੁੱਕਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਪੰਜਾਬ ਅਤੇ ਹਰਿਆਣਾ ਦੇ ਪ੍ਰਦੂਸ਼ਣ ਬੋਰਡਾਂ ਨੇ ਇਸ ਦਰਿਆ ਵਿੱਚ ਫੈਕਟਰੀਆਂ ਦੇ ਪੈ ਰਹੇ ਪਾਣੀ ਨੂੰ ਸਖ਼ਤੀ ਨਾਲ ਨਾ ਰੋਕਿਆ ਤਾਂ ਇਸ ਖੇਤਰ ਦੇ ਸਭ ਵਰਗਾਂ ਦੇ ਲੋਕ ਆਰ-ਪਾਰ ਦੀ ਲੜਾਈ ਸ਼ੁਰੂ ਕਰਨਗੇ।